ਐੱਸਸੀ/ਬੀਸੀ ਅਧਿਆਪਕਾਂ ਵੱਲੋਂ ਡਾਇਰੈਕਟਰ ਭਲਾਈ ਵਿਭਾਗ਼ ਪੰਜਾਬ ਦੇ ਦਫ਼ਤਰ ਦਾ ਘਿਰਾਓ ਐੱਸਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਡਾਇਰੈਕਟਰ ਭਲਾਈ ਵਿਭਾਗ਼ ਪੰਜਾਬ ਦੇ ਦਫ਼ਤਰ ਦਾ ਕੀਤਾ ਗਿਆ ਘਿਰਾਓ
Publish Date: Thu, 17 Sep 2026 03:52 PM (IST)
Updated Date: Fri, 18 Sep 2026 04:02 AM (IST)
-ਰੋਸ ਮਾਰਚ ਉਪਰੰਤ ਭਲਾਈ ਮੰਤਰੀ ਪੰਜਾਬ ਤੇ ਡਾਇਰੈਕਟਰ ਭਲਾਈ ਵਿਭਾਗ਼ ਦੇ ਸਾੜੇ ਪੁਤਲੇ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਦੀ ਅਗਵਾਈ ’ਚ ਅੱਜ ਦਫ਼ਤਰ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ਼ ਅੱਗੇ ਕਈ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਿਆ ਵਿਭਾਗ ਪੰਜਾਬ ਵੱਲੋਂ 1013 ਲੈਕਚਰਾਰ ਸਿੱਧੀ ਭਰਤੀ ਵਿਚ ਐੱਸਸੀ 25 ਪ੍ਰਤੀਸ਼ਤ ਅਤੇ ਬੀਸੀ 12 ਪ੍ਰਤੀਸ਼ਤ ਵਰਗ ਬਣਦਾ ਰਾਖਵਾਂ ਕੋਟਾ ਨਾ ਦੇਣ ਵਿਰੁੱਧ ਅਤੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਸੰਵਿਧਾਨਿਕ ਹੱਕਾਂ ਦੀ ਪੂਰਤੀ ਲਈ ਰੋਸ ਮੁਜ਼ਾਹਰੇ ਵਿਚ ਵੱਖ-ਵੱਖ ਵਿਦਿਆਰਥੀ ਅਤੇ ਸਮਾਜਿਕ ਸੰਗਠਨਾਂ ਦੇ ਆਗੂ ਅਤੇ ਵਰਕਰ ਵੀ ਸ਼ਾਮਲ ਹੋਏ। ਸੂਬਾ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਰਾਖਵਾਂਕਰਨ ਵਿਰੋਧੀ ਮਾਨਸਿਕਤਾ ਤਹਿਤ 1013 ਲੈਕਚਰਾਰ ਸਿੱਧੀ ਭਰਤੀ ਵਿਚ ਬਣਦਾ ਰਾਖਵਾਂ ਕੋਟਾ ਨਹੀਂ ਦਿੱਤਾ ਗਿਆ। ਇਸ ਮਸਲੇ ਦੇ ਸੁਖਾਵੇਂ ਹੱਲ ਲਈ ਸਟੇਟ ਕਮੇਟੀ ਵੱਲੋਂ ਪ੍ਰਿੰਸੀਪਲ ਸਕੱਤਰ ਭਲਾਈ ਵੀਕੇ ਮੀਣਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿਚ ਆਗੂਆਂ ਵੱਲੋਂ ਤੱਥਾਂ ਸਹਿਤ ਸਿੱਧ ਕੀਤਾ ਅਤੇ ਸਬੂਤ ਦੇ ਕੇ ਪੱਖ ਰੱਖਿਆ ਕਿ ਵੱਖ-ਵੱਖ ਵਿਸ਼ਿਆਂ ਵਿਚ ਆਪਣੀ ਮੈਰਿਟ ਦੇ ਅਧਾਰ ਤੇ ਭਰਤੀ ਹੋਏ ਐੱਸਸੀ, ਬੀਸੀ ਉਮੀਦਵਾਰਾਂ ਨੂੰ ਹੀ ਰੋਸਟਰ ਨੁਕਤਿਆਂ ਤੇ ਲਗਾਇਆ ਗਿਆ ਹੈ ਜੋ ਰਾਖਵਾਂਕਰਨ ਨੀਤੀ, ਆਰ.ਕੇ ਸੱਭਰਵਾਲ ਕੇਸ, ਭਲਾਈ ਵਿਭਾਗ ਦੀਆਂ 10 ਜੁਲਾਈ 1995 ਦੀਆਂ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਹੈ, ਜਿਸਦੇ ਰੋਸ ਵਜੋਂ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਦਫ਼ਤਰ ਫੇਜ-1 ਮੋਹਾਲੀ ਦਾ ਘਿਰਾਓ ਕਰਕੇ ਭਲਾਈ ਮੰਤਰੀ ਡਾ. ਬਲਜੀਤ ਕੌਰ ਅਤੇ ਡਾਇਰੈਕਟਰ ਭਲਾਈ ਵਿਭਾਗ ਵਿੰਮੀ ਭੁੱਲਰ ਦੇ ਪੁਤਲੇ ਫੂਕ ਕੇ ਰੋਸ ਮੁਜਾਹਰਾ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ 1013 ਲੈਕਚਰਾਰ ਭਰਤੀ ਵਿਚ ਬਣਦਾ ਰਾਖਵਾਂ ਕੋਟਾ ਦੇਣ ਬਾਰੇ ਤੁਰੰਤ ਸੋਧ ਪੱਤਰ ਜਾਰੀ ਕੀਤਾ ਜਾਵੇ ਤਾਂ ਜੋ ਐੱਸਸੀ, ਬੀਸੀ ਵਰਗ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਜਥੇਬੰਦੀ ਦੇ ਦਬਾਅ ਅੱਗੇ ਝੁਕਦਿਆਂ ਡਾੲਇਰੈਕਟਰ ਵਿੰਮੀ ਭੁੱਲਰ ਨੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ ਨੂੰ ਫੋਨ ਕਰਕੇ ਦੱਸਿਆ ਕਿ ਉਕਤ ਮਸਲੇ ਦੇ ਹੱਲ ਲਈ ਭਲਾਈ ਮੰਤਰੀ ਡਾ.ਬਲਜੀਤ ਕੌਰ ਵੱਲੋਂ ਮਿਤੀ 21 ਸਤੰਬਰ 2026 ਨੂੰ ਪੰਜਾਬ ਭਵਨ ਵਿਖੇ 11 ਵਜੇ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ। ਡਿਪਟੀ ਡਾਇਰੈਕਟਰ ਸੰਜੀਵ ਮੰਨਣ ਵੱਲੋਂ ਧਰਨੇ ਵਿਚ ਪਹੁੰਚ ਕੇ ਉਕਤ ਮੀਟਿੰਗ ਸਬੰਧੀ ਲਿਖਤੀ ਪੱਤਰ ਯੂਨੀਅਨ ਦੇ ਆਗੂਆਂ ਨੂੰ ਸੌਂਪਿਆ ਗਿਆ। ਅੱਜ ਦੇ ਰੋਸ ਧਰਨੇ ਨੂੰ ਚੀਫ ਆਰਗੇਨਈਜ਼ਰ ਪਰਮਿੰਦਰ ਗੁਰਦਾਸਪੁਰ, ਮੀਤ ਪ੍ਰਧਾਨ ਹਰਦੀਪ ਸਿੰਘ ਤੂਰ, ਹਰਪਾਲ ਸਿੰਘ ਤਰਨਤਾਰਨ, ਹਰਬੰਸ ਲਾਲ ਪਰਜੀਆਂ, ਸੁਨੀਲ ਕੁਮਾਰ, ਪ੍ਰੈਸ ਸਕੱਤਰ ਹਰਜਿੰਦਰ ਪੁਰਾਣੇਵਾਲਾ, ਦੇਸ ਰਾਜ ਜਲੰਧਰ, ਗੁਰਚਰਨ ਸਿੰਘ ਲੱਖੋਕੇ, ਭਾਰਤ ਪ੍ਰਤਾਪ ਫਿਰੋਜ਼ਪੁਰ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਕੁਲਵਿੰਦਰ ਬਿੱਟੂ, ਸੁਨੀਲ ਕੁਮਾਰ ਫਿਰੋਜ਼ਪੁਰ, ਗੁਰਟੇਕ ਫਰੀਦਕੋਟ ਦੇਸ ਰਾਜ ਜਲੰਧਰ, ਤਰਸੇਮ ਸਿੰਘ ਫਰੀਦਕੋਟ, ਬਲਬੀਰ ਸਿੰਘ ਤਰਨਤਾਰਨ, ਨਰਿੰਦਰਜੀਤ ਕਪੂਰਥਲਾ, ਹਰਨੇਕ ਕਪੂਰਥਲਾ, ਲੈਕ. ਗੁਰਮੀਤ ਸਿੰਘ, ਰਣਦੀਪ ਮਾਲੇਰਕੋਟਲਾ, ਗੁਰਜੰਟ ਭੁਰਥਲਾ, ਬਲਵਿੰਦਰ ਸਿੰਘ ਮੁਲਤਾਨੀ, ਜਗਤਾਰ ਜੱਗੀ, ਲਖਵਿੰਦਰ ਕਕਰਾਲਾ, ਗੁਰਪ੍ਰੀਤ ਸਿੰਘ, ਸੀਮਾ ਭਾਰਤੀ, ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ੍ਹ ਵੀ ਹਾਜ਼ਰ ਸਨ।