ਸੱਤਾ ਦੇ ਨਸ਼ੇ ’ਚ ਸਰਪੰਚ ਕਰ ਰਹੇ ਜੁਲਮ : ਜ਼ੀਰਾ
ਸੱਤਾ ਦੇ ਨਸ਼ੇ ’ਚ ਸਰਪੰਚ ਕਰ ਰਹੇ ਜੁਲਮ : ਕੁਲਬੀਰ ਸਿੰਘ ਜ਼ੀਰਾ
Publish Date: Thu, 02 Apr 2026 04:40 PM (IST)
Updated Date: Fri, 03 Apr 2026 04:07 AM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪਿੰਡ ਵੇਈਂਪੁਈ ਅਤੇ ਢੋਟੀਆਂ ਵਿੱਚ ਦਲਿਤ ਪਰਿਵਾਰਾਂ ਨਾਲ ਵਾਪਰੀਆਂ ਦਰਦਨਾਕ ਘਟਨਾਵਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਦਲਿਤਾਂ ’ਤੇ ਅੱਤਿਆਚਾਰ ਹੱਦਾਂ ਪਾਰ ਕਰ ਰਹੇ ਹਨ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਗੰਭੀਰ ਤੌਰ ’ਤੇ ਡਗਮਗਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਢੋਟੀਆਂ ਵਿੱਚ ਸਰਪੰਚ ਹਰਜਿੰਦਰ ਸਿੰਘ ਨਾਲ ਜੁੜੀ ਘਟਨਾ ਦੌਰਾਨ ਇੱਕ ਦਲਿਤ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੇਈਂਪੁਈ ’ਚ ਦਲਿਤ ਪਰਿਵਾਰ ਦੇ ਘਰ ਨੂੰ ਅੱਗ ਲਗਾਉਣ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਦੋਵੇਂ ਪਿੰਡਾਂ ਵਿੱਚ ਇੱਕੋ ਦਿਨ ਹੋਈਆਂ ਇਹ ਘਟਨਾਵਾਂ ਲੋਕਾਂ ਵਿੱਚ ਭਾਰੀ ਰੋਸ ਦਾ ਕਾਰਨ ਬਣੀਆਂ ਹੋਈਆਂ ਹਨ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ ਸੱਤਾ ਦੇ ਨਸ਼ੇ ਵਿੱਚ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਸਰਪੰਚਾਂ ਦਾ ਫਰਜ਼ ਝਗੜਿਆਂ ਨੂੰ ਸੁਲਝਾਉਣਾ ਹੁੰਦਾ ਹੈ, ਉੱਥੇ ਉਹ ਆਪ ਹੀ ਹਿੰਸਕ ਘਟਨਾਵਾਂ ਵਿਚ ਸ਼ਾਮਲ ਹੋ ਰਹੇ ਹਨ, ਜੋ ਬਹੁਤ ਚਿੰਤਾਜਨਕ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਢੋਟੀਆਂ ਦੇ ਸਰਪੰਚ ਖ਼ਿਲਾਫ਼ ਤੁਰੰਤ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਇਨਸਾਫ ਲਈ ਹਰ ਪੱਧਰ ’ਤੇ ਸੰਘਰਸ਼ ਜਾਰੀ ਰੱਖੇਗੀ।