- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਿਰੋਜ਼ਪੁਰ ਵਿਖੇ ਸਰਪੰਚ ਯੂਨੀਅਨ ਦਾ ਅਸਲਾ ਲਾਇਸੰਸ ਸਬੰਧੀ ਧਰਨਾ 9ਵੇਂ ਦਿਨ ਵੀ ਰਿਹਾ ਜਾਰੀ, ਡੀ.ਸੀ. ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਰਪੰਚ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਅਸਲਾ ਲਾਇਸੰਸਾਂ ਦੇ ਮੁੱਦੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਇਆ ਗਿਆ ਧਰਨਾ ਅੱਜ 9ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਰੋਸ ਪ੍ਰਦਰਸ਼ਨ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦਿਆਂ ਸ਼ਾਂਤਮਈ ਢੰਗ ਨਾਲ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਰੋਸ ਜਤਾਇਆ ਗਿਆ। ਧਰਨੇ ਦੌਰਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਐੱਸ.ਡੀ.ਐੱਮ. ਅਤੇ ਤਹਿਸੀਲਦਾਰ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ, ਪਰ ਇਹ ਮੀਟਿੰਗ ਬੇਸਿੱਟਾ ਰਹੀ। ਯੂਨੀਅਨ ਆਗੂਆਂ ਨੇ ਅਧਿਕਾਰੀਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਅਤੇ ਉੱਚ ਅਧਿਕਾਰੀਆਂ ਨਾਲ ਤੁਰੰਤ ਗੱਲਬਾਤ ਕਰਕੇ ਅਸਲੇ ਸਬੰਧੀ ਬੰਦ ਕੀਤੇ ਗਏ ਪੋਰਟਲ ਪੇਜ ਨੂੰ ਦੁਬਾਰਾ ਖੋਲ੍ਹਿਆ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਲਾਭਪਾਤਰੀਆਂ ਨੇ ਅਸਲਾ ਲਾਇਸੰਸ ਬਣਾਉਣ ਲਈ ਸਰਕਾਰੀ ਖ਼ਜ਼ਾਨੇ ਵਿਚ ਲੱਖਾਂ ਰੁਪਏ ਦੀਆਂ ਫੀਸਾਂ ਭਰੀਆਂ ਹਨ, ਉਨ੍ਹਾਂ ਦੇ ਲਾਇਸੰਸ ਤੁਰੰਤ ਜਾਰੀ ਕੀਤੇ ਜਾਣ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਇਹ ਜਾਇਜ਼ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਹਾਲਾਂਕਿ ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਉੱਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਜਲਦ ਗੱਲਬਾਤ ਕਰਵਾਉਣਗੇ। ਇਸ ਰੋਸ ਧਰਨੇ ਵਿਚ ਸਰਪੰਚ ਯੂਨੀਅਨ ਦੇ ਪ੍ਰਧਾਨ ਸਾਰਜ ਸਿੰਘ ਸੰਧੂ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ, ਲਖਵਿੰਦਰ ਸਿੰਘ ਸੰਧੂ, ਅਸ਼ਵਨੀ ਮੱਕੜ ਫ਼ਿਰੋਜ਼ਪੁਰ, ਅਜੀਤ ਸਿੰਘ ਮਾਛੀਵਾੜਾ, ਬਾਬਾ ਜੱਸਾ ਸਿੰਘ, ਗੁਰਪ੍ਰੀਤ ਸਿੰਘ, ਗੈਰੀ ਲੱਖੋਕੇ ਬਹਿਰਾਮ ਅਤੇ ਰਵਿੰਦਰ ਸਿੰਘ ਪੀਰ ਅਹਿਮਦ ਖ਼ਾਂ ਸਮੇਤ ਵੱਖ-ਵੱਖ ਕਿਸਾਨੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।