ਸਰਪੰਚ ਯੂਨੀਅਨ ਦਾ ‘ਸਾਰੇ ਪੰਜਾਬ ਲਈ ਅਸਲਾ ਲਾਇਸੈਂਸ’ ਦੇ ਮੁੱਦੇ ’ਤੇ ਧਰਨਾ 6ਵੇਂ ਦਿਨ ਵੀ ਰਿਹਾ ਜਾਰੀ ਸਰਪੰਚ ਯੂਨੀਅਨ ਫਿਰੋਜ਼ਪੁਰ ਵੱਲੋਂ ‘ਸਾਰੇ ਪੰਜਾਬ ਲਈ ਅਸਲਾ ਲਾਇਸੈਂਸ’ ਦੇ ਮੁੱਦੇ ’ਤੇ ਧਰਨਾ ਛੇਵੇਂ ਦਿਨ ਵੀ ਜਾਰੀ
Publish Date: Sat, 17 Oct 2026 03:34 PM (IST)
Updated Date: Sat, 17 Oct 2026 03:36 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਰਪੰਚ ਯੂਨੀਅਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ‘ਸਾਰੇ ਪੰਜਾਬ ਲਈ ਅਸਲਾ ਲਾਇਸੈਂਸ’ ਵਿਸ਼ੇ ’ਚ ਫਿਰੋਜ਼ਪੁਰ ਜ਼ਿਲ੍ਹੇ ਵਿਖੇ ਲਗਾਇਆ ਜਾ ਰਿਹਾ ਧਰਨਾ ਅੱਜ ਛੇਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ। ਯੂਨੀਅਨ ਦੇ ਆਗੂ ਸਾਰਜ ਸਿੰਘ ਸਰਪੰਚ ਅਤੇ ਉਨ੍ਹਾਂ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਚੁੱਪ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ। ਜਾਣਕਾਰੀ ਦਿੰਦਿਆਂ ਸਾਰਜ ਸਿੰਘ ਸਰਪੰਚ ਅਤੇ ਸਰਪੰਚ ਯੂਨੀਅਨ ਦੀ ਸਮੁੱਚੀ ਟੀਮ ਨੇ ਦੱਸਿਆ ਕਿ ਇਹ ਧਰਨਾ 12 ਅਕਤੂਬਰ 2026 ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਅੱਜ ਇਸ ਨੂੰ ਛੇ ਦਿਨ ਪੂਰੇ ਹੋ ਚੁੱਕੇ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਵੀ ਮੰਗ ’ਤੇ ਕੋਈ ਗੌਰ ਨਹੀਂ ਕੀਤਾ ਗਿਆ ਅਤੇ ਨਾ ਹੀ ਮੰਗਾਂ ਪੂਰੀਆਂ ਕੀਤੀਆਂ ਗਈਆਂ ਹਨ। ਯੂਨੀਅਨ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਟਾਈਮ ਨਵੇਂ ਅਸਲੇ ਦੀ ਪੋਰਟਲ ਖੋਲ੍ਹ ਕੇ ਪ੍ਰਕਿਰਿਆ ਜਾਰੀ ਨਹੀਂ ਕੀਤੀ ਜਾਂਦੀ ਅਤੇ ਨਵੇਂ ਅਸਲਾ ਲਾਇਸੈਂਸ ਬਣਾਉਣੇ ਸ਼ੁਰੂ ਨਹੀਂ ਹੁੰਦੇ, ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਅਗਲੇ ਕੁਝ ਦਿਨਾਂ ਵਿਚ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ’ਤੇ ਧਿਆਨ ਨਾ ਦਿੱਤਾ, ਤਾਂ ਉਹ ਆਉਂਦੇ ਸੋਮਵਾਰ 19 ਅਕਤੂਬਰ 2026 ਨੂੰ ਕੋਈ ਵੱਡਾ ਸੰਘਰਸ਼ ਉਲੀਕਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸਾਰਜ ਸਿੰਘ ਸਰਪੰਚ ਤੋਂ ਇਲਾਵਾ ਭੁਪਿੰਦਰ ਸਿੰਘ, ਗੁਰਜੰਟ ਸਿੰਘ, ਅੰਗੂਰ ਸਿੰਘ ਸਾਬਕਾ ਸਰਪੰਚ, ਕਰਨੈਲ ਸਿੰਘ ਸਰਪੰਚ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਅਸ਼ਵਨੀ ਮੱਕੜ, ਗੈਰੀ ਲੱਖੋਕੇ, ਬਾਬਾ ਜੱਸਾ ਸਿੰਘ ਪ੍ਰਧਾਨ ਵਾਲਮੀਕ ਸਮਾਜ, ਗੁਰਮੀਤ ਸਿੰਘ ਵਕੀਲ, ਗੁਰਪ੍ਰੀਤ ਸਿੰਘ ਸਿੱਧੂਪੁਰ ਯੂਨੀਅਨ, ਵਰਿੰਦਰ ਸਿੰਘ, ਕਸ਼ਮੀਰ ਸਿੰਘ ਸਾਬਕਾ ਸਰਪੰਚ ਸਮੇਤ ਸਮੁੱਚੀ ਸਰਪੰਚ ਯੂਨੀਅਨ ਅਤੇ ਟੀਮ ਦੇ ਮੈਂਬਰ ਹਾਜ਼ਰ ਸਨ।