- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋਨ ਫਿਰੋਜ਼ਪੁਰ ਦਾ ਸੰਤ ਨਿਰੰਕਾਰੀ ਮਹਿਲਾ ਸਮਾਗਮ ਸ਼ਰਧਾ ਪੂਰਵਕ ਕਰਵਾਇਆ ਗਿਆ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪਰ : ਜ਼ੋਨ ਫਿਰੋਜ਼ਪੁਰ ਦਾ ਜ਼ੋਨਲ ਪੱਧਰੀ ਸੰਤ ਨਿਰੰਕਾਰੀ ਮਹਿਲਾ ਸਮਾਗਮ ਸੰਤ ਨਿਰੰਕਾਰੀ ਸਤਿਸੰਗ ਭਵਨ ਮਲੋਟ ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ। ਜਿਸ ਵਿਚ ਫਿਰੋਜ਼ਪੁਰ ਜ਼ੋਨ ਦੀਆਂ 27 ਬ੍ਰਾਂਚਾਂ ਦੀਆਂ ਮਹਿਲਾਵਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਭੈਣ ਸੀਮਾ ਸਚਦੇਵਾ ਪ੍ਰਚਾਰਕ ਪ੍ਰਿਆਗਰਾਜ (ਉੱਤਰ ਪ੍ਰਦੇਸ਼) ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਵਿੱਤਰ ਸੰਦੇਸ਼ ਦਿੱਤਾ। ਉਨ੍ਹਾਂ ਨੇ ਆਪਣੇ ਪ੍ਰਵਚਨਾਂ ਵਿਚ ਫਰਮਾਇਆ ਕਿ ਭੈਣਾਂ ਨੇ ਹੀ ਘਰ ਦੇ ਮਾਹੌਲ ਨੂੰ ਸੁੰਦਰ ਅਤੇ ਭਗਤੀਮਈ ਬਣਾਉਣਾ ਹੁੰਦਾ ਹੈ, ਜਿਸ ਘਰ ਵਿਚ ਭੈਣਾਂ ਆਪਣੇ ਸੱਸ, ਸਹੁਰੇ, ਨਨਾਨ, ਦੇਵਰ, ਦੇਵਰਾਣੀ ਜੇਠ, ਜੇਠਾਣੀ ਅਤੇ ਪਤੀ ਦਾ ਸਤਿਕਾਰ ਕਰਦੀਆਂ ਹਨ ਅਤੇ ਪਰਿਵਾਰ ਨੂੰ ਇਕ ਜੁੱਟ ਰੱਖਦੀਆਂ ਹਨ ਉਹ ਪਰਿਵਾਰ ਸਵਰਗ ਦਾ ਨਕਸ਼ਾ ਬਣ ਜਾਂਦਾ ਹੈ। ਇੱਟਾਂ ਦਾ ਸਿਰਫ ਮਕਾਨ ਬਣਦਾ ਹੈ, ਘਰ ਉਹੀ ਹੈ ਜਿੱਥੇ ਪਰਿਵਾਰ ਦਾ ਆਪਸੀ ਪਿਆਰ ਹੁੰਦਾ ਹੈ। ਘਰ ਵਿਚ ਜੇਕਰ ਕਿਸੇ ਤੋਂ ਕੋਈ ਛੋਟਾ ਮੋਟਾ ਨੁਕਸਾਨ ਹੋ ਵੀ ਜਾਵੇ ਤਾਂ ਕਿਸੇ ਨੂੰ ਵੀ ਗੁੱਸੇ ਨਹੀਂ ਹੋਣਾ ਚਾਹੀਦਾ ਹੈ ਅਤੇ ਹਰੇਕ ਜੀਅ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਫਰਮਾਇਆ ਕਿ ਜੋ ਭੈਣ ਆਪਣੇ ਬ੍ਰਹਮ ਗਿਆਨੀ ਪਤੀ ਨੂੰ ਦਿਲੋਂ ਸਤਿਕਾਰ ਕਰਦੀ ਹੈ, ਉਸਨੂੰ ਕਦੇ ਕੋਈ ਕਮੀਂ ਨਹੀਂ ਰਹਿੰਦੀ। ਉਨ੍ਹਾਂ ਸਮਝਾਇਆ ਕਿ ਪੁਰਸ਼ ਘਰ ਦੀ ਛੱਤ ਹੁੰਦਾ ਹੈ ਤੇ ਇਸਤਰੀਆਂ ਘਰ ਦੀਆਂ ਦੀਵਾਰਾਂ ਹੁੰਦੀਆਂ ਹਨ। ਜੇਕਰ ਦੀਵਾਰ ਗਿਰ ਜਾਏ ਤਾਂ ਛੱਤ ਵੀ ਟਿਕ ਨਹੀਂ ਸਕਦੀ। ਇਸ ਲਈ ਹਰੇਕ ਪੁਰਸ਼ ਨੂੰ ਵੀ ਨਾਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਘਰ ਵਿਚ ਆਪਸੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਨਾਰੀ ਹੀ ਹੈ ਜੋ ਬੱਚੇ ਨੂੰ ਜਨਮ ਦੇ ਕੇ ਪਾਲਣ ਪੋਸ਼ਣ ਕਰਕੇ ਇਨਸਾਨ ਬਣਾ ਸਕਦੀ ਹੈ ਅਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ ਇਸ ਲਈ ਸਾਨੂੰ ਹਰੇਕ ਨਾਰੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਇਸ ਸਮਾਗਮ ਦੌਰਾਨ ਸੰਗਤਾਂ ਵਿਚ ਸਤਿਗੁਰੂ ਪ੍ਰਤੀ ਸ਼ੁਕਰਾਨੇ ਦੇ ਭਾਵ ਦੇਖਣ ਨੂੰ ਮਿਲੇ। ਸੰਤ ਨਿਰੰਕਾਰੀ ਸਾਧ ਸੰਗਤ ਬ੍ਰਾਂਚ ਮਲੋਟ ਵਲੋਂ ਸਾਰੇ ਹੀ ਪ੍ਰਬੰਧ ਬਹੁਤ ਹੀ ਸੁੰਦਰ ਤਰੀਕੇ ਨਾਲ ਕੀਤੇ ਗਏ। ਇਸ ਮੌਕੇ ਜ਼ੋਨਲ ਇੰਚਾਰਜ਼ ਫ਼ਿਰੋਜ਼ਪੁਰ ਐੱਨ.ਐੱਸ ਗਿੱਲ ਅਤੇ ਪਰਮਜੀਤ ਸਿੰਘ ਸੰਯੋਜਕ ਬ੍ਰਾਂਚ ਮਲੋਟ ਨੇ ਆਏ ਹੋਏ ਪ੍ਰਚਾਰਕ ਭੈਣ, ਸਮੂਹ ਸੰਗਤਾਂ ਅਤੇ ਸਾਰੇ ਜ਼ੋਨ ਦੀਆਂ ਬ੍ਰਾਂਚਾਂ ਤੋਂ ਪਹੁੰਚੀਆਂ ਮਹਿਲਾਵਾਂ, ਪ੍ਰਬੰਧਕਾਂ ਆਦਿ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।