ਸਮਰਸਤਾ ਸੰਕਲਪ ਯਾਤਰਾ ਦਾ ਜੀਰਾ ਪੁੱਜਣ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਦਾ ਜੀਰਾ ਪੁੱਜਣ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ
Publish Date: Fri, 20 Nov 2026 05:50 PM (IST)
Updated Date: Sat, 21 Nov 2026 04:01 AM (IST)
ਸਮਾਨਤਾ ਤੇ ਭਾਈਚਾਰੇ ਦੀ ਵਿਚਾਰਧਾਰਾ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਏਗੀ ਯਾਤਰਾ 2,558 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ 3 ਦਸੰਬਰ ਨੂੰ ਵਾਰਾਨਸੀ ਵਿਖੇ ਹੋਵੇਗੀ ਸਮਾਪਤੀ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਰਬਸਾਂਝੀਵਾਲਤਾ, ਸਮਾਨਤਾ, ਮਨੁੱਖੀ ਏਕਤਾ ਅਤੇ ਭਾਈਚਾਰੇ ਦੀਆਂ ਸਦੀਵੀ ਸਿੱਖਿਆਵਾਂ ਨੂੰ ਦੇਸ਼ ਦੇ ਹਰ ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਆਰੰਭੀ ਗਈ ਦੇਸ਼ ਵਿਆਪੀ ਸਮਰਸਤਾ ਸੰਕਲਪ ਯਾਤਰਾ ਦਾ ਜੀਰਾ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਸਾਹਿਬ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਿਸ਼ਾਲ ਮੁਹਿੰਮ ਤਹਿਤ ਸੱਤ ਸੂਬਿਆਂ ਦੇ 47 ਸ਼ਹਿਰਾਂ ਤੱਕ ਸਮਾਨਤਾ ਅਤੇ ਸਮਾਜਿਕ ਸਦਭਾਵਨਾ ਦਾ ਸੁਨੇਹਾ ਪਹੁੰਚਾਇਆ ਜਾਵੇਗਾ। ਭਾਜਪਾ ਵਿਧਾਨ ਸਭਾ ਹਲਕਾ ਜੀਰਾ ਦੇ ਇੰਚਾਰਜ ਅਵਤਾਰ ਸਿੰਘ ਜੀਰਾ ਦੀ ਅਗਵਾਈ ਹੇਠ ਕਰਵਾਏ ਸਵਾਗਤੀ ਸਮਾਗਮ ਵਿੱਚ ਸੈਂਕੜੇ ਭਾਜਪਾ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਯਾਤਰਾ ਦੇ ਨਾਲ ਪਹੁੰਚੇ ਭਾਜਪਾ ਐੱਸਸੀ ਮੋਰਚਾ ਦੇ ਕੌਮੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਿਵੇਸ਼ ਕੁਮਾਰ ਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਯਾਤਰਾ ਦਾ ਸ਼ੁਭ ਆਰੰਭ 18 ਨਵੰਬਰ ਨੂੰ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ ਤੋਂ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸੰਤ ਸਮਾਜ ਦੇ ਆਸ਼ੀਰਵਾਦ ਨਾਲ ਚੱਲ ਰਹੀ ਇਹ ਯਾਤਰਾ ਤਿਆਗ, ਭਾਈਚਾਰੇ, ਸਮਾਨਤਾ ਅਤੇ ਸਮਾਜਿਕ ਏਕਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਨੂੰ ਸਿਆਸੀ ਰੰਗਤ ਤੋਂ ਦੂਰ ਰੱਖਦਿਆਂ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸ਼ਿਵੇਸ਼ ਕੁਮਾਰ ਰਾਮ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਮਹਾਨ ਫ਼ਲਸਫ਼ੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿੱਥੇ ਕਿਸੇ ਨਾਲ ਵੀ ਜਾਤ, ਧਰਮ ਜਾਂ ਆਰਥਿਕਤਾ ਦੇ ਆਧਾਰ ’ਤੇ ਵਿਤਕਰਾ ਨਾ ਹੋਵੇ ਅਤੇ ਹਰ ਮਨੁੱਖ ਨੂੰ ਬਰਾਬਰ ਦੇ ਅਧਿਕਾਰ ਤੇ ਸਨਮਾਨ ਮਿਲੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ, ਮੁਫ਼ਤ ਰਾਸ਼ਨ ਅਤੇ ਪੀਐਮ ਅਜੇ ਵਰਗੀਆਂ ਯੋਜਨਾਵਾਂ ਰਾਹੀਂ ਗ਼ਰੀਬਾਂ ਅਤੇ ਵਾਂਝੇ ਪਰਿਵਾਰਾਂ ਨੂੰ ਸਹੂਲਤਾਂ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਵੱਲ ਯਤਨਸ਼ੀਲ ਹੈ। ਇਸ ਮੌਕੇ ਅਵਤਾਰ ਸਿੰਘ ਜੀਰਾ ਨੇ ਦੱਸਿਆ ਕਿ 2,558 ਕਿਲੋਮੀਟਰ ਦੀ ਲੰਮੀ ਯਾਤਰਾ 3 ਦਸੰਬਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਵਾਰਾਨਸੀ ਵਿਖੇ ਸੰਪੰਨ ਹੋਵੇਗੀ। ਪੰਜਾਬ ਵਿੱਚ ਪੰਜ ਦਿਨਾਂ ਦੌਰਾਨ ਇਹ ਯਾਤਰਾ 17 ਜ਼ਿਲ੍ਹਿਆਂ ਵਿੱਚੋਂ ਲੰਘਦਿਆਂ ਲਗਭਗ 700 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਹੀ ਅਜਿਹੇ ਸਮਾਜ ਦੀ ਨੀਂਹ ਹੈ, ਜਿੱਥੇ ਹਰ ਵਰਗ ਨੂੰ ਬਰਾਬਰ ਮੌਕੇ, ਸਨਮਾਨ ਅਤੇ ਤਰੱਕੀ ਦਾ ਅਧਿਕਾਰ ਪ੍ਰਾਪਤ ਹੋਵੇ। ਉਨ੍ਹਾਂ ਅਨੁਸਾਰ ਕੇਂਦਰ ਸਰਕਾਰ ਦਾ ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਅਤੇ ਸਭ ਕਾ ਪ੍ਰਯਾਸ ਦਾ ਸੰਕਲਪ ਵੀ ਇਸੇ ਭਾਵਨਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨਾਲ ਸਬੰਧਤ ਪਵਿੱਤਰ ਅਸਥਾਨਾਂ ਦਾ ਵਿਕਾਸ, ਸੰਗਤਾਂ ਲਈ ਸਹੂਲਤਾਂ ਅਤੇ ਗੁਰੂ ਸਾਹਿਬ ਦੇ ਨਾਮ ਨਾਲ ਜੁੜੇ ਵਿਕਾਸ ਕਾਰਜ ਉਨ੍ਹਾਂ ਪ੍ਰਤੀ ਸਤਿਕਾਰ ਨੂੰ ਹੋਰ ਮਜ਼ਬੂਤ ਕਰਦੇ ਹਨ। ਇਹ ਯਾਤਰਾ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਨੂੰ ਪੰਜਾਬ ਦੇ ਹਰ ਘਰ ਅਤੇ ਹਰ ਵਰਗ ਤੱਕ ਪਹੁੰਚਾਉਣ ਲਈ ਸ਼ਰਧਾ ਭਾਵਨਾ ਨਾਲ ਕੀਤਾ ਜਾ ਰਿਹਾ ਉਪਰਾਲਾ ਹੈ। ਇਸ ਮੌਕੇ ਯਾਤਰਾ ਪ੍ਰਭਾਰੀ ਅਨੰਦ ਚੌਹਾਨ ਦਿੱਲੀ, ਸਿਤਾਰਾ ਸਿੰਘ ਸੂਬਾ ਕਾਰਜਕਾਰੀ ਮੈਂਬਰ, ਯਾਦਵਿੰਦਰ ਸਿੰਘ ਰਾਸ਼ਟਰੀ ਮੀਤ ਪ੍ਰਧਾਨ ਯੁਵਾ ਮੋਰਚਾ, ਅਜੇ ਵੀਰ ਸਿੰਘ ਰੰਧਾਵਾ, ਸੋਨੂੰ ਅਹੀਰਵਾਲ, ਕੁਮਾਰ ਵਿਜੇ ਪ੍ਰਤਾਪ ਸਿੰਘ, ਸਾਧਵੀ ਰੇਣੁਕਾ, ਮਾਤਾ ਸਰਬਪ੍ਰੀਤ ਕੌਰ, ਆਸ਼ੂ ਸਾਂਪਲਾ ਉਪ ਪ੍ਰਧਾਨ ਭਾਜਪਾ ਪੰਜਾਬ, ਦੇਸ਼ਰਾਜ ਕਰਨਵਾਲ ਸਾਬਕਾ ਰਾਜ ਮੰਤਰੀ ਉੱਤਰਾਖੰਡ,ਜ਼ਿਲ੍ਾ ਪ੍ਰਧਾਨ ਸਰਬਜੀਤ ਸਿੰਘ ਬਾਠ, ਵਿਸ਼ਾਲ ਸੂਦ ਵਿੱਕੀ ਮੰਡਲ ਪ੍ਰਧਾਨ ਜੀਰਾ, ਜਸਵੰਤ ਸਿੰਘ ਢੰਡੀਆਂ, ਦਲਬੀਰ ਸਿੰਘ ਜੇਈ, ਅਮਰੀਕ ਸਿੰਘ ਔਲਖ, ਗੁਰਨਾਮ ਸਿੰਘ ਬਹਿਕ ਗੁਜਰਾਂ, ਜਗਜੀਤ ਸਿੰਘ ਫੇਰੋਕੇ, ਹਰਦੀਪ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਮੱਲੀ, ਮਲਕੀਤ ਸਿੰਘ ਪੰਡੋਰੀ, ਹਰੀਦਾਸ ਚੌਹਾਨ, ਮਨਮੋਹਨ ਸਿੰਘ ਮੱਲਾਂਵਾਲਾ ਸਰਕਲ ਪ੍ਰਧਾਨ ਅਤੇ ਬਾਬਾ ਸੋਨੂੰ ਸ਼ਾਹ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।