ਐਮਬਰੋਜ਼ੀਅਲ ਸਕੂਲ ਜ਼ੀਰਾ ਦੇ ਸਾਹਿਬਦੀਪ ਨੇ ਕੌਮਾਂਤਰੀ ਪੱਧਰ ’ਤੇ ਚਮਕਾਇਆ ਨਾਂ ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦੇ ਹੋਣਹਾਰ ਵਿਦਿਆਰਥੀ ਸਾਹਿਬਦੀਪ ਸਿੰਘ ਨੇ ਅੰਤਰਰਾਸ਼ਟਰੀ ਤਾਇਕਵਾਂਡੋ ਚੈਂਪੀਅਨਸ਼ਿਪ ’ਚ ਕਾਂਸੀ ਦਾ ਮੈਡਲ ਜਿੱਤ ਕੇ ਰਚਿਆ ਇਤਿਹਾਸ
Publish Date: Fri, 07 Aug 2026 04:11 PM (IST)
Updated Date: Fri, 07 Aug 2026 04:14 PM (IST)
ਗੌਰਵ ਗੌੜ ਜੌਲੀ ਪੰਜਾਬੀ, ਜਾਗਰਣ ਜ਼ੀਰਾ : ਐਮਬਰੋਜ਼ੀਅਲ ਪਬਲਿਕ ਸਕੂਲ ਜ਼ੀਰਾ ਦਾ ਨਾਮ ਉਸ ਸਮੇਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਹੋ ਗਿਆ, ਜਦੋਂ ਸਕੂਲ ਦੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਸਾਹਿਬਦੀਪ ਸਿੰਘ ਨੇ ਥਾਈਲੈਂਡ ਦੇ ਪ੍ਰਸਿੱਧ ਸ਼ਹਿਰ ਪਟਾਇਆ ਵਿਖੇ ਆਯੋਜਿਤ 9ਵੀਂ ਹੀਰੋਜ਼ ਤਾਇਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ–2026 ਵਿਚ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਕੇਉਰੂਗੀ ਲੜਕੇ (15–17 ਸਾਲ), 59–63 ਕਿਲੋਗ੍ਰਾਮ ਜੀ-2 ਵਰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ। ਇਹ ਅੰਤਰਰਾਸ਼ਟਰੀ ਚੈਂਪੀਅਨਸ਼ਿਪ 31 ਜੁਲਾਈ ਤੋਂ 2 ਅਗਸਤ ਤੱਕ ਪਟਾਇਆ, ਥਾਈਲੈਂਡ ਵਿਖੇ ਕਰਵਾਈ ਗਈ। ਇਹ ਮੁਕਾਬਲਾ ਵਿਸ਼ਵ ਤਾਇਕਵਾਂਡੋ ਦੇ ਨਿਯਮਾਂ ਅਨੁਸਾਰ ਕਰਵਾਇਆ ਗਿਆ, ਜਿਸ ’ਚ 30 ਤੋਂ ਵੱਧ ਦੇਸ਼ਾਂ ਦੇ 4000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਸਖ਼ਤ ਅਤੇ ਉੱਚ ਪੱਧਰੀ ਮੁਕਾਬਲਿਆਂ ਵਿੱਚ ਭਾਰਤ ਦੀ ਜਰਸੀ ਪਹਿਨ ਕੇ ਮੈਟ ਤੇ ਉਤਰਨਾ ਹੀ ਮਾਣ ਦੀ ਗੱਲ ਸੀ,ਪਰ ਸਾਹਿਬਦੀਪ ਸਿੰਘ ਨੇ ਆਪਣੇ ਜਜ਼ਬੇ, ਤਕਨੀਕੀ ਨਿਪੁੰਨਤਾ ਅਤੇ ਆਤਮਵਿਸ਼ਵਾਸ ਨਾਲ ਕਾਂਸੀ ਦਾ ਮੈਡਲ ਜਿੱਤ ਕੇ ਭਾਰਤੀ ਤਿਰੰਗੇ ਨੂੰ ਅੰਤਰਰਾਸ਼ਟਰੀ ਮੰਚ ’ਤੇ ਹੋਰ ਵੀ ਮਾਣ ਦਿਵਾਇਆ। ਇਹ ਉਪਲਬੱਧੀ ਸਿਰਫ਼ ਇੱਕ ਵਿਦਿਆਰਥੀ ਦੀ ਜਿੱਤ ਨਹੀਂ,ਸਗੋਂ ਐਮਬਰੋਜ਼ੀਅਲ ਪਬਲਿਕ ਸਕੂਲ ਦੀ ਉਸ ਸਿੱਖਿਆਕ ਫ਼ਲਸਫ਼ੇ ਦੀ ਜਿੱਤ ਹੈ। ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਇਸ ਇਤਿਹਾਸਕ ਉਪਲਬਧੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਮੇਰੇ ਲਈ ਅੱਜ ਦਾ ਦਿਨ ਬੇਹੱਦ ਮਾਣ ਅਤੇ ਸੰਤੁਸ਼ਟੀ ਦਾ ਹੈ।ਜਦੋਂ ਸਾਡੇ ਸਕੂਲ ਦਾ ਇੱਕ ਵਿਦਿਆਰਥੀ ਭਾਰਤ ਦੀ ਜਰਸੀ ਪਹਿਨ ਕੇ ਵਿਸ਼ਵ ਮੰਚ ’ਤੇ ਖੜ੍ਹਾ ਹੁੰਦਾ ਹੈ ਅਤੇ ਤਮਗਾ ਜਿੱਤਦਾ ਹੈ ਤਾਂ ਉਹ ਕੇਵਲ ਆਪਣੇ ਪਰਿਵਾਰ ਦਾ ਨਹੀਂ,ਸਗੋਂ ਪੂਰੇ ਦੇਸ਼ ਦਾ ਮਾਣ ਬਣ ਜਾਂਦਾ ਹੈ।ਸਾਹਿਬਦੀਪ ਸਿੰਘ ਦੀ ਇਹ ਉਪਲਬਧੀ ਸਾਡੇ ਉਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਹਰ ਬੱਚੇ ਵਿੱਚ ਅਸੀਮ ਸੰਭਾਵਨਾਵਾਂ ਲੁਕੀਆਂ ਹੋਈਆਂ ਹਨ।ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ।ਇੱਕ ਅਸਲ ਸਿੱਖਿਆ ਉਹ ਹੈ, ਜੋ ਬੱਚੇ ਨੂੰ ਮਜ਼ਬੂਤ ਸਰੀਰ, ਉੱਚ ਚਰਿੱਤਰ, ਸੰਵੇਦਨਸ਼ੀਲ ਮਨ ਅਤੇ ਦੇਸ਼-ਪ੍ਰੇਮ ਨਾਲ ਜੋੜੇ।ਸਾਹਿਬਦੀਪ ਨੇ ਇਸ ਸੋਚ ਨੂੰ ਅੰਤਰਰਾਸ਼ਟਰੀ ਮੰਚ ’ਤੇ ਸਾਕਾਰ ਕੀਤਾ ਹੈ। ਮੈਂ ਸਾਹਿਬਦੀਪ ਸਿੰਘ ਦੇ ਮਾਪਿਆਂ, ਉਸਦੇ ਕੋਚਾਂ, ਸਮੂਹ ਅਧਿਆਪਕਾਂ ਅਤੇ ਸਕੂਲ ਪਰਿਵਾਰ ਨੂੰ ਦਿਲੋਂ ਵਧਾਈ ਦਿੰਦਾ ਹਾਂ। ਸਕੂਲ ਦੇ ਪ੍ਰਿੰਸੀਪਲ ਤੇਜ ਸਿੰਘ ਠਾਕੁਰ ਨੇ ਸਾਹਿਬਦੀਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਬਦੀਪ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਕੋਈ ਬਦਲ ਨਹੀਂ ਹੁੰਦਾ। ਇਸ ਇਤਿਹਾਸਕ ਮੌਕੇ ’ਤੇ ਸਕੂਲ ਦੇ ਕੋਆਰਡੀਨੇਟਰ ਰੀਨਾ ਠਾਕੁਰ, ਅਨੁਪਮਾ ਠਾਕੁਰ, ਦੇਵਿੰਦਰ ਕੁਮਾਰ ਅਤੇ ਸੁਰਿੰਦਰ ਕਟੋਚ ਨੇ ਵੀ ਸਾਹਿਬਦੀਪ ਸਿੰਘ ਨੂੰ ਹਾਰਦਿਕ ਵਧਾਈ ਦਿੱਤੀ।ਇਸ ਮੌਕੇ ’ਤੇ ਡੀਪੀ ਸੰਜੇ ਭਾਰਦਵਾਜ, ਰੇਣੂਕਾ ਠਾਕੁਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ।