- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਜੀਤ ਸਿੰਘ ਦੇ ਕੋਚ ਅਰਵਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਗੁਰਜੀਤ ਨੇ ਖੇਡ ਜੀਵਨ ਦੀ ਸ਼ੁਰੂਆਤ ਬਾਸਕਟਬਾਲ ਤੋਂ ਕੀਤੀ ਸੀ। ਸਾਲ 1995 ’ਚ ਉਸ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਪਿੰਡ ’ਚ 62 ਕਿਲੋ ਭਾਰ ਵਰਗ ਦੇ ਮੁਕਾਬਲੇ 'ਚ ਪਹਿਲੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੇ ਹੌਸਲੇ ਵਧੇ ਅਤੇ ਉਨ੍ਹਾਂ ਨੇ ਕਬੱਡੀ ਨੂੰ ਹੀ ਆਪਣੀ ਜ਼ਿੰਦਗੀ ਬਣਾ ਲਿਆ।

ਜਾਸ, ਫਿਰੋਜ਼ਪੁਰ : ਕਬੱਡੀ ਦੇ ਮੈਦਾਨ ’ਚ ਆਪਣੀ ਦਮਦਾਰ ਰੇਡਿੰਗ ਨਾਲ ਦੇਸ਼-ਵਿਦੇਸ਼ ’ਚ ਪਛਾਣ ਬਣਾਉਣ ਵਾਲੇ ਪਿੰਡ ਤੂਤ ਦੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਨਸ਼ੇ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਿਆ। 48 ਸਾਲਾ ਗੁਰਜੀਤ ਸਿੰਘ ਦੀ ਮੰਗਲਵਾਰ ਦੇਰ ਸ਼ਾਮ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਮੌਤ ਹੋ ਗਈ। ਉਹ ਲੰਬੇ ਸਮੇਂ ਤੋਂ ਨਸ਼ੇ ਦੀ ਲਤ ਨਾਲ ਜੂਝ ਰਿਹਾ ਸੀ। ਇਸੇ ਦੌਰਾਨ ਉਸ ਦੇ ਗੁਰਦੇ ਵੀ ਖ਼ਰਾਬ ਹੋ ਗਏ ਸਨ। ਬੁੱਧਵਾਰ ਨੂੰ ਪਿੰਡ ਦੀ ਸ਼ਮਸ਼ਾਨ ਭੂਮੀ ’ਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਉਸ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ’ਚ ਸਿਆਸਤਦਾਨ ਤੇ ਖੇਡ ਜਗਤ ਨਾਲ ਜੁੜੀਆਂ ਹਸਤੀਆਂ ਪੁੱਜੀਆਂ।
ਗੁਰਜੀਤ ਸਿੰਘ ਦੇ ਕੋਚ ਅਰਵਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਗੁਰਜੀਤ ਨੇ ਖੇਡ ਜੀਵਨ ਦੀ ਸ਼ੁਰੂਆਤ ਬਾਸਕਟਬਾਲ ਤੋਂ ਕੀਤੀ ਸੀ। ਸਾਲ 1995 ’ਚ ਉਸ ਨੇ ਕਬੱਡੀ ਖੇਡਣੀ ਸ਼ੁਰੂ ਕੀਤੀ। ਪਿੰਡ ’ਚ 62 ਕਿਲੋ ਭਾਰ ਵਰਗ ਦੇ ਮੁਕਾਬਲੇ 'ਚ ਪਹਿਲੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਦੇ ਹੌਸਲੇ ਵਧੇ ਅਤੇ ਉਨ੍ਹਾਂ ਨੇ ਕਬੱਡੀ ਨੂੰ ਹੀ ਆਪਣੀ ਜ਼ਿੰਦਗੀ ਬਣਾ ਲਿਆ। ਉਸ ਤੋਂ ਬਾਅਦ ਉਸ ਨੇ ਕਈ ਕੌਮਾਂਤਰੀ ਮੈਚਾਂ ’ਚ ਹਿੱਸਾ ਤੇ ਜਿੱਤ ਦੇ ਕਈ ਰਿਕਾਰਡ ਬਣਾਏ। ਗੁਰਜੀਤ ਦੀ ਰੇਡਿੰਗ ਇੰਨੀ ਹਮਲਾਵਰ ਤੇ ਦਮਦਾਰ ਸੀ ਕਿ ਉਸ ਨੇ ਇੱਕੋ ਦਿਨ ’ਚ ਤਿੰਨ ਕਬੱਡੀ ਟੂਰਨਾਮੈਂਟ ਖੇਡ ਕੇ ਰਿਕਾਰਡ ਵੀ ਬਣਾ ਚੁੱਕੇ ਸਨ। ਉਸ ਦੀ ਮਸ਼ਹੂਰੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗਾਇਕ ਅੰਗਰੇਜ਼ ਅਲੀ ਤੇ ਅਰਜੁਨ ਢਿੱਲੋਂ ਨੇ ਆਪਣੇ ਗੀਤਾਂ ’ਚ ਉਸ ਦੇ ਨਾਂ ਦਾ ਜ਼ਿਕਰ ਕੀਤਾ। ਗੁਰਜੀਤ ਦੇ ਪਰਿਵਾਰ ’ਚ ਪਿਤਾ ਗੁਰਮੇਲ ਸਿੰਘ, ਮਾਤਾ ਜਸਵਿੰਦਰ ਕੌਰ, ਪਤਨੀ ਗੁਰਸ਼ਰਨ ਕੌਰ ਤੇ 10 ਸਾਲਾ ਧੀ ਜਸਕੀਰਤ ਕੌਰ ਹੈ।
ਗੁਰਜੀਤ ਸਿੰਘ ਦੇ ਦੋਸਤ ਹੀਰਾ ਸਿੰਘ ਨੇ ਦੱਸਿਆ ਕਿ ਕਬੱਡੀ 'ਚ ਬਿਹਤਰੀਨ ਪ੍ਰਦਰਸ਼ਨ ਲਈ ਉਸ ਨੂੰ ਇਨਾਮ ਵਜੋਂ ਟਰੈਕਟਰ, ਗੱਡੀਆਂ, ਬੁਲੇਟ ਮੋਟਰਸਾਈਕਲ ਤੇ ਘੋੜੇ ਮਿਲੇ ਸਨ। ਸੈਂਕੜੇ ਟਰਾਫੀਆਂ ਤੇ ਯਾਦਗਾਰੀ ਚਿੰਨਾਂ ਨਾਲ ਉਸ ਦਾ ਘਰ ਭਰਿਆ ਪਿਆ ਹੈ।
14 ਸਾਲ ਤੋਂ ਨਸ਼ੇ ਦੀ ਲਪੇਟ 'ਚ ਸਨ ਗੁਰਜੀਤ ਸਿੰਘ
ਕਦੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇਣ ਵਾਲਾ ਗੁਰਜੀਤ ਸਾਲ 2012 ’ਚ ਖ਼ੁਦ ਨਸ਼ੇ ਦੀ ਲਪੇਟ ’ਚ ਆ ਗਿਆ। ਹੌਲੀ-ਹੌਲੀ ਨਸ਼ੇ ਦੀ ਲਤ ਵਧਦੀ ਗਈ ਤੇ ਇਸ ਦਾ ਅਸਰ ਉਸ ਦੇ ਸਰੀਰ ’ਤੇ ਪੈਣ ਲੱਗਾ। ਪਰਿਵਾਰ ਤੇ ਦੋਸਤਾਂ ਦੇ ਸਮਝਾਉਣ ’ਤੇ ਉਸ ਨੇ ਕਈ ਵਾਰ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ। ਉਹ ਦੋ-ਤਿੰਨ ਮਹੀਨੇ ਨਸ਼ੇ ਤੋਂ ਦੂਰ ਵੀ ਰਿਹਾ ਪਰ ਮੁੜ ਉਸੇ ਸਥਿਤੀ ਵਿਚ ਆ ਜਾਂਦਾ। ਇਸ ਤੋਂ ਬਾਅਦ ਉਸ ਦੇ ਗੁਰਦੇ ਖ਼ਰਾਬ ਹੋਣ ਲੱਗੇ। ਉਸ ਦਾ ਬਠਿੰਡਾ ਏਮਜ਼ ਤੋਂ ਇਲਾਜ ਚੱਲ ਰਿਹਾ ਸੀ। 19 ਜੁਲਾਈ ਨੂੰ ਗੁਰਜੀਤ ਆਪਣੀ ਪਤਨੀ ਤੇ 10 ਸਾਲਾ ਧੀ ਜਸਕੀਰਤ ਕੌਰ ਨੂੰ ਮਿਲਣ ਚੰਡੀਗੜ੍ਹ ਗਿਆ ਸੀ। ਉੱਥੇ ਅਚਾਨਕ ਤਬੀਅਤ ਵਿਗੜਨ ’ਤੇ ਉਸ ਨੂੰ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ। ਦੋ ਦਿਨ ਪਹਿਲਾਂ ਹੀ ਉਸ ਨੂੰ ਵਾਪਸ ਘਰ ਲਿਆਂਦਾ ਗਿਆ ਸੀ, ਪਰ ਤਬੀਅਤ ਫਿਰ ਵਿਗੜਨ ’ਤੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੰਗਲਵਾਰ ਦੇਰ ਸ਼ਾਮ ਉਨ੍ਹਾਂ ਦਾ ਦੇਹਾਂਤ ਹੋ ਗਿਆ।