ਆਰਪੀਐੱਫ ਨੇ ‘ਨੰਨ੍ਹੇ ਫਰਿਸ਼ਤੇ’ ਮੁਹਿੰਮ ਤਹਿਤ 71 ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਵਾਇਆ ਆਰਪੀਐੱਫ ਨੇ ‘ਨੰਨ੍ਹੇ ਫਰਿਸ਼ਤੇ’ ਮੁਹਿੰਮ ਤਹਿਤ 71 ਬੱਚਿਆਂ ਨੂੰ ਪਰਿਵਾਰਾਂ ਨਾਲ ਮਿਲਵਾਇਆ
Publish Date: Mon, 09 Nov 2026 04:12 PM (IST)
Updated Date: Mon, 09 Nov 2026 04:14 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਰੇਲਵੇ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸਹਾਇਤਾ ਲਈ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਚਾਲੂ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਤੋਂ ਅਕਤੂਬਰ ਮਹੀਨੇ ਤੱਕ ਆਰਪੀਐੱਫ ਨੇ ਆਪਣੀਆਂ ਵੱਖ-ਵੱਖ ਮੁਹਿੰਮਾਂ ਤਹਿਤ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ ਹੈ। ਇਸ ਸਮੇਂ ਦੌਰਾਨ ਰੇਲਵੇ ਸੁਰੱਖਿਆ ਬਲ ਨੇ ਯਾਤਰੀਆਂ ਦਾ ਗੁੰਮ ਹੋਇਆ ਕਰੀਬ 46 ਲੱਖ ਰੁਪਏ ਦਾ ਕੀਮਤੀ ਸਾਮਾਨ ਬਰਾਮਦ ਕਰਕੇ ਅਸਲ ਮਾਲਕਾਂ ਤੱਕ ਪਹੁੰਚਾਇਆ। ਇਸ ਤੋਂ ਇਲਾਵਾ ਲਾਪਤਾ ਅਤੇ ਘਰੋਂ ਭੱਜੇ 71 ਬੱਚਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾਇਆ ਗਿਆ। ਆਰਪੀਐੱਫ ਵੱਲੋਂ ਚਲਾਈ ਗਈ ‘ਆਪ੍ਰੇਸ਼ਨ ਅਮਾਨਤ’ ਮੁਹਿੰਮ ਤਹਿਤ ਅਪ੍ਰੈਲ ਤੋਂ ਅਕਤੂਬਰ ਤੱਕ ਕੁੱਲ 349 ਮਾਮਲਿਆਂ ਵਿੱਚ ਯਾਤਰੀਆਂ ਦਾ ਗੁੰਮ ਹੋਇਆ ਸਾਮਾਨ ਬਰਾਮਦ ਕੀਤਾ ਗਿਆ। ਇਸ ਸਾਮਾਨ ਦੀ ਕੁੱਲ ਅੰਦਾਜ਼ਨ ਕੀਮਤ 45 ਲੱਖ 76 ਹਜ਼ਾਰ 444 ਰੁਪਏ ਬਣਦੀ ਹੈ। ਬਰਾਮਦ ਕੀਤੇ ਸਾਮਾਨ ਵਿੱਚ ਲੈਪਟਾਪ, ਮੋਬਾਈਲ ਫੋਨ, ਬੈਗ, ਪਰਸ ਅਤੇ ਹੋਰ ਕੀਮਤੀ ਵਸਤੂਆਂ ਸ਼ਾਮਲ ਸਨ, ਜੋ ਸਬੰਧਤ ਯਾਤਰੀਆਂ ਦੀ ਪਛਾਣ ਕਰਨ ਉਪਰੰਤ ਉਨ੍ਹਾਂ ਦੇ ਹਵਾਲੇ ਕੀਤੀਆਂ ਗਈਆਂ। ਇਸੇ ਤਰ੍ਹਾਂ ‘ਆਪ੍ਰੇਸ਼ਨ ਨੰਨ੍ਹੇ ਫਰਿਸ਼ਤੇ’ ਤਹਿਤ ਆਰਪੀਐੱਫ ਨੇ ਲਾਪਤਾ, ਘਰੋਂ ਭੱਜੇ ਜਾਂ ਅਗਵਾ ਹੋਏ ਬੱਚਿਆਂ ਦੀ ਸਹਾਇਤਾ ਲਈ ਵਿਸ਼ੇਸ਼ ਯਤਨ ਕੀਤੇ। ਇਸ ਮੁਹਿੰਮ ਦੌਰਾਨ 71 ਬੱਚਿਆਂ ਨੂੰ ਸੁਰੱਖਿਅਤ ਲੱਭ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਇਸ ਤੋਂ ਇਲਾਵਾ ‘ਆਪ੍ਰੇਸ਼ਨ ਜਨ ਜਾਗਰਣ’ ਤਹਿਤ ਯਾਤਰੀਆਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਰੇਲ ਸਫ਼ਰ ਸਬੰਧੀ ਜਾਗਰੂਕ ਕੀਤਾ ਗਿਆ। ਆਰਪੀਐੱਫ ਨੇ ਅਪੀਲ ਕੀਤੀ ਕਿ ਰੇਲ ਗੱਡੀ ਜਾਂ ਸਟੇਸ਼ਨ ’ਤੇ ਕੋਈ ਲਾਵਾਰਿਸ ਵਸਤੂ ਜਾਂ ਸ਼ੱਕੀ ਗਤੀਵਿਧੀ ਨਜ਼ਰ ਆਉਣ ’ਤੇ ਤੁਰੰਤ ਰੇਲਵੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਬਿਨਾਂ ਵਾਜਬ ਕਾਰਨ ਚੇਨ ਪੁਲਿੰਗ ਨਾ ਕਰਨ ਅਤੇ ਨਸ਼ੀਲੇ ਪਦਾਰਥਾਂ ਰਾਹੀਂ ਬੇਹੋਸ਼ ਕਰਕੇ ਲੁੱਟਣ ਵਾਲੀਆਂ ਘਟਨਾਵਾਂ ਤੋਂ ਬਚਣ ਲਈ ਵੀ ਯਾਤਰੀਆਂ ਨੂੰ ਜਾਗਰੂਕ ਕੀਤਾ ਗਿਆ। ਆਰਪੀਐੱਫ ਦੀਆਂ ਇਨ੍ਹਾਂ ਮੁਹਿੰਮਾਂ ਦਾ ਮੁੱਖ ਉਦੇਸ਼ ਯਾਤਰੀਆਂ ਦੀ ਸੁਰੱਖਿਆ ਦੇ ਨਾਲ-ਨਾਲ ਰੇਲਵੇ ਦੀ ਜਾਇਦਾਦ ਅਤੇ ਸੰਵੇਦਨਸ਼ੀਲ ਸਹੂਲਤਾਂ ਦੀ ਰੱਖਿਆ ਕਰਨਾ ਹੈ।