- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ.ਆਈ.ਆਰ. ਸਬੰਧੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਰੋਲ ਆਬਜ਼ਰਵਰ ਬਬੀਤਾ ਵੱਲੋਂ ਮੀਟਿੰਗ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਰੋਲ ਆਬਜ਼ਰਵਰ-ਕਮ-ਕਮਿਸ਼ਨਰ ਫਿਰੋਜ਼ਪੁਰ ਮੰਡਲ ਬਬੀਤਾ ਵੱਲੋਂ ਵਿਸ਼ੇਸ਼ ਗਹਿਰਾਈ ਵਾਲੀ ਵੋਟਰ ਸੂਚੀ ਸੋਧ (ਐਸ.ਆਈ.ਆਰ.) ਦੀ ਪ੍ਰਕਿਰਿਆ ਸਬੰਧੀ ਫਿਰੋਜ਼ਪੁਰ ਮੰਡਲ ਨਾਲ ਸਬੰਧਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਮੀਟਿੰਗ ਦਾ ਮੁੱਖ ਉਦੇਸ਼ ਐਸ.ਆਈ.ਆਰ. ਦੀ ਪ੍ਰਕਿਰਿਆ ਨੂੰ ਸੁਚਾਰੂ, ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਾਲ-ਨਾਲ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਵੱਲੋਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਸਮੇਂ ਸਿਰ ਢੁਕਵਾਂ ਹੱਲ ਯਕੀਨੀ ਬਣਾਉਣਾ ਸੀ। ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ, ਫੌਜ਼ਾ ਸਿੰਘ ਸਰਾਰੀ, ਨਰੇਸ਼ ਕਟਾਰੀਆ, ਜਗਦੀਪ ਕੁਮਾਰ ਗੋਲਡੀ, ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਹਰਜਿੰਦਰ ਸਿੰਘ ਘਾਂਗਾ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।ਮੀਟਿੰਗ ਦੌਰਾਨ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਐਸ.ਆਈ.ਆਰ. ਦੀ ਪ੍ਰਕਿਰਿਆ ਨਾਲ ਸਬੰਧਤ ਵੱਖ-ਵੱਖ ਮੁੱਦੇ ਰੋਲ ਅਬਜ਼ਰਵਰ ਦੇ ਧਿਆਨ ਵਿੱਚ ਲਿਆਂਦੇ ਗਏ। ਇਸ ਦੌਰਾਨ ਚੋਣ ਤਹਿਸੀਲਦਾਰ ਫਿਰੋਜ਼ਪੁਰ ਸੁਖਦੇਵ ਸਿੰਘ ਅਤੇ ਚੋਣ ਤਹਿਸੀਲਦਾਰ ਫਾਜ਼ਿਲਕਾ ਜਸਪ੍ਰੀਤ ਸਿੰਘ ਵੱਲੋਂ ਰੋਲ ਅਬਜ਼ਰਵਰ ਨੂੰ ਦੱਸਿਆ ਗਿਆ ਕਿ ਐਸ.ਆਈ.ਆਰ. ਦੇ ਦੂਜੇ ਪੜਾਅ ਦੌਰਾਨ ਜਿੱਥੇ ਵੋਟਰਾਂ ਦੀ ਮੈਪਿੰਗ ਨਹੀਂ ਹੋਈ ਜਾਂ ਮੈਪਿੰਗ ਦੌਰਾਨ ਕਿਸੇ ਕਿਸਮ ਦੀ ਤਰੁੱਟੀ ਸਾਹਮਣੇ ਆਈ ਹੈ, ਉੱਥੇ ਸਬੰਧਤ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਮਾਮਲਿਆਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾ ਰਿਹਾ ਹੈ। ਖਾਸ ਤੌਰ ’ਤੇ ਮੁਸ਼ਕਲਾਂ ਦੇ ਤੁਰੰਤ ਨਿਪਟਾਰੇ ਲਈ ਮੌਕੇ ’ਤੇ ਹੀ ਚੋਣ ਤਹਿਸੀਲਦਾਰ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਦਿਆਂ ਕਿਹਾ ਗਿਆ ਕਿ ਐਸ.ਆਈ.ਆਰ. ਨਾਲ ਸਬੰਧਤ ਹਰੇਕ ਮਾਮਲੇ ਨੂੰ ਨਿਰਪੱਖਤਾ, ਪਾਰਦਰਸ਼ਤਾ ਅਤੇ ਨਿਯਮਾਂ ਅਨੁਸਾਰ ਨਿਪਟਾਇਆ ਜਾਵੇ ਅਤੇ ਕਿਸੇ ਵੀ ਯੋਗ ਵੋਟਰ ਨੂੰ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ 13 ਅਗਸਤ 2026 ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾ ਚੁੱਕੀ ਹੈ ਅਤੇ ਦਾਅਵੇ ਤੇ ਇਤਰਾਜ਼ 12 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾ ਰਹੇ ਹਨ, ਜਦਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 12 ਅਕਤੂਬਰ 2026 ਨੂੰ ਕੀਤੀ ਜਾਣੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮੁੱਢਲੀ ਪ੍ਰਕਾਸ਼ਨਾ ਅਨੁਸਾਰ ਆਮ ਵੋਟਰਾਂ ਦੀ ਕੁੱਲ ਗਿਣਤੀ 6,63,744 ਹੈ, ਜਦਕਿ ਸਰਵਿਸ ਵੋਟਰਾਂ ਦੀ ਗਿਣਤੀ 2,573 ਹੈ। ਐਸ.ਆਈ.ਆਰ. ਦੇ ਪਹਿਲੇ ਪੜਾਅ ਦੌਰਾਨ ਜ਼ਿਲ੍ਹੇ ਦੇ ਕੁੱਲ 7,17,773 ਵੋਟਰਾਂ ਵਿੱਚੋਂ 6,63,744 ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਕਰਕੇ ਡਿਜ਼ੀਟਾਈਜ਼ ਕੀਤੇ ਗਏ ਹਨ, ਜੋ ਕਿ 92.47 ਫ਼ੀਸਦੀ ਬਣਦਾ ਹੈ। ਇਸ ਦੌਰਾਨ 54,029 ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਨਹੀਂ ਹੋਏ, ਜਿਨ੍ਹਾਂ ਵਿੱਚ 20,707 ਵੋਟਰਾਂ ਦੀ ਮੌਤ ਅਤੇ 24,442 ਵੋਟਰਾਂ ਵੱਲੋਂ ਪੱਕੇ ਤੌਰ ’ਤੇ ਹੋਰ ਥਾਵਾਂ ’ਤੇ ਤਬਦੀਲ ਹੋਣ ਦੇ ਮਾਮਲੇ ਪ੍ਰਮੁੱਖ ਹਨ। ਐਸ.ਆਈ.ਆਰ. ਦੇ ਦੂਜੇ ਪੜਾਅ ਦੌਰਾਨ ਅਨਮੈਪਡ ਅਤੇ ਮੈਪਿੰਗ ਵਿੱਚ ਤਰੁੱਟੀਆਂ ਵਾਲੇ ਵੋਟਰਾਂ ਸਬੰਧੀ ਨੋਟਿਸ ਜਾਰੀ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੇ ਅੰਤ ਵਿਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਨ ਵੱਲੋਂ ਵੋਟਰ ਸੂਚੀਆਂ ਦੀ ਸੋਧ ਦੌਰਾਨ ਸਾਹਮਣੇ ਆ ਰਹੀਆਂ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਦਿਆਂ ਐਸ.ਆਈ.ਆਰ. ਦੀ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮੁਕੰਮਲ ਕੀਤਾ ਜਾਵੇਗਾ।