ਪੁਰਾਣੇ ਚੂਹੀ ਚੌਕ ਬਾਜ਼ਾਰ ’ਚ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਪੁਰਾਣੇ ਚੂਹੀ ਚੋਂਕ ਬਾਜ਼ਾਰ ’ਚ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ, ਸੀਸੀਟੀਵੀ ’ਚ ਸਬਲ ਲੈ ਕੇ ਘੁੰਮਦੇ ਦਿਖੇ ਸ਼ੱਕੀ
Publish Date: Wed, 30 Sep 2026 03:30 PM (IST)
Updated Date: Wed, 30 Sep 2026 03:33 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਪੁਰਾਣਾ ਬਾਜ਼ਾਰ ਇਲਾਕੇ ਵਿੱਚ ਰਾਤ ਸਮੇਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨਾਲ ਜੁੜੀ ਸੀਸੀਟੀਵੀ ਫੁਟੇਜ ਵਿੱਚ ਕੁਝ ਸ਼ੱਕੀ ਵਿਅਕਤੀ ਸਬਲ ਲੈ ਕੇ ਦੁਕਾਨਾਂ ਦੇ ਬਾਹਰ ਦਿਖਾਈ ਦੇ ਰਹੇ ਹਨ। ਫਿਰੋਜ਼ਪੁਰ ਦੇ ਪੁਰਾਣਾ ਬਾਜ਼ਾਰ ਵਿੱਚ ਚੂਹੀ ਚੌਕ ਨੇੜੇ ਬੀਤੀ ਰਾਤ ਚੋਰੀ ਦੀ ਘਟਨਾ ਨੇ ਵਪਾਰੀਆਂ ਅਤੇ ਸਥਾਨਕ ਲੋਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ। ਜਾਣਕਾਰੀ ਮੁਤਾਬਕ ਚੋਰਾਂ ਨੇ ਇੱਕ ਸੂਟ-ਕੱਪੜਿਆਂ ਦੀ ਦੁਕਾਨ ਅਤੇ ਨਾਲ ਲੱਗਦੀ ਕਾਸਮੈਟਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਦੋਂ ਦੁਕਾਨਦਾਰਾਂ ਨੇ ਦੁਕਾਨਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਚੋਰੀ ਹੋਣ ਦਾ ਪਤਾ ਲੱਗਾ। ਇਸ ਦੌਰਾਨ ਦੁਕਾਨਾਂ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਸਾਹਮਣੇ ਆਈ, ਜਿਸ ਵਿਚ ਕੁਝ ਵਿਅਕਤੀ ਹੱਥਾਂ ਵਿੱਚ ਸਬਲ ਵਰਗੇ ਸੰਦ ਲੈ ਕੇ ਇਲਾਕੇ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਉਪਲਬੱਧ ਫੁਟੇਜ ਵਿੱਚ ਸ਼ਟਰ ਤੋੜਨ ਦੀ ਕਾਰਵਾਈ ਸਪਸ਼ਟ ਤੌਰ ’ਤੇ ਨਜ਼ਰ ਨਹੀਂ ਆ ਰਹੀ। ਕਾਸਮੈਟਿਕ ਦੀ ਦੁਕਾਨ ਤੋਂ ਵੱਖ-ਵੱਖ ਕਿਸਮ ਦਾ ਸਮਾਨ ਗਾਇਬ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਹੋਏ ਸਾਮਾਨ ਵਿੱਚ ਬਾਡੀ ਲੋਸ਼ਨ, ਸਕਰੱਬ, ਡੀਓ ਸਮੇਤ ਹੋਰ ਕਾਸਮੈਟਿਕ ਉਤਪਾਦ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਨਕਦੀ ਅਤੇ ਹੋਰ ਸਮਾਨ ਵੀ ਲਿਜਾਏ ਜਾਣ ਦਾ ਦਾਅਵਾ ਹੈ। ਕੁੱਲ ਕਿੰਨੀ ਰਕਮ ਅਤੇ ਕਿੰਨੇ ਮੁੱਲ ਦਾ ਸਾਮਾਨ ਚੋਰੀ ਹੋਇਆ ਹੈ, ਇਸ ਬਾਰੇ ਦੁਕਾਨਦਾਰਾਂ ਵੱਲੋਂ ਪੂਰਾ ਹਿਸਾਬ ਲਗਾਏ ਜਾਣ ਤੋਂ ਬਾਅਦ ਹੀ ਸਪਸ਼ਟ ਤਸਵੀਰ ਸਾਹਮਣੇ ਆਵੇਗੀ। ਘਟਨਾ ਤੋਂ ਬਾਅਦ ਬਾਜ਼ਾਰ ਦੇ ਵਪਾਰੀਆਂ ਵਿੱਚ ਰੋਸ ਦੇ ਨਾਲ-ਨਾਲ ਸੁਰੱਖਿਆ ਨੂੰ ਲੈ ਕੇ ਚਿੰਤਾ ਵੀ ਵਧ ਗਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਬਾਜ਼ਾਰਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਣੀ ਚਾਹੀਦੀ ਹੈ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੀਸੀਟੀਵੀ ਫੁਟੇਜ ਦੀ ਡੂੰਘਾਈ ਨਾਲ ਜਾਂਚ ਕਰਕੇ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਅਤੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।