ਦੀਵਾਲੀ ਦੀ ਵਧਾਈ ਮੰਗ ਰਹੇ ਕਿੰਨਰ ਕੋਲੋਂ 18 ਹਜ਼ਾਰ ਰੁਪਏ ਖੋਹੇ ਫ਼ਿਰੋਜ਼ਪੁਰ ਛਾਉਣੀ ’ਚ ਦੀਵਾਲੀ ਦੀ ਵਧਾਈ ਮੰਗ ਰਹੇ ਕਿੰਨਰ ਮਹੰਤ ਕੋਲੋਂ 18,000 ਰੁਪਏ ਨਕਦੀ ਖੋਹ ਕੇ ਲੁਟੇਰੇ ਹੋਏ ਫ਼ਰਾਰ
Publish Date: Wed, 04 Nov 2026 05:43 PM (IST)
Updated Date: Wed, 04 Nov 2026 05:44 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਹੈ, ਉੱਥੇ ਹੀ ਫ਼ਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਵਿਚ ਅਸਾਮਾਜਿਕ ਤੱਤਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਫ਼ਿਰੋਜ਼ਪੁਰ ਛਾਉਣੀ ਦੇ ਵਿਅਸਤ ਚਾਰ ਨੰਬਰ ਬਾਜ਼ਾਰ ਵਿੱਚ ਦਿਨ ਦਿਹਾੜੇ ਲੁੱਟ-ਖੋਹ ਦੀ ਇੱਕ ਗੰਭੀਰ ਅਤੇ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲੋਕਾਂ ਤੋਂ ਦੀਵਾਲੀ ਦੀ ਵਧਾਈ ਮੰਗ ਰਹੇ ਕਿੰਨਰ ਸਮਾਜ ਦੇ ਮਹੰਤ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਨਿਸ਼ਾਨਾ ਬਣਾਇਆ। ਲੁਟੇਰੇ ਮਹੰਤ ਦੇ ਹੱਥੋਂ 18,000 ਰੁਪਏ ਨਕਦੀ ਜ਼ਬਰਦਸਤੀ ਖੋਹ ਕੇ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਸ ਘਟਨਾ ਸਬੰਧੀ ਪੀੜਤ ਕਿੰਨਰ ਮਹੰਤ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਬਾਜ਼ਾਰ ਵਿੱਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਰਹੇ ਸਨ ਅਤੇ ਵਧਾਈ ਇਕੱਠੀ ਕਰ ਰਹੇ ਸਨ। ਇਸੇ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਸ਼ੱਕੀ ਨੌਜਵਾਨ ਉੱਥੇ ਪਹੁੰਚੇ। ਉਨ੍ਹਾਂ ਨੇ ਅਚਾਨਕ ਧੱਕਾ ਮੁੱਕੀ ਕਰਦਿਆਂ ਹੱਥ ਵਿੱਚ ਫੜੀ ਨਕਦੀ ਖੋਹ ਲਈ। ਜਾਂਦੇ ਸਮੇਂ ਲੁਟੇਰਿਆਂ ਨੇ ਮੋਬਾਈਲ ਫੋਨ ਵੀ ਖਿੱਚਣ ਦੀ ਕੋਸ਼ਿਸ਼ ਕੀਤੀ, ਪਰ ਹਫੜਾ-ਦਫੜੀ ਅਤੇ ਖਿੱਚੋਤਾਣ ਦੇ ਇਸ ਮਾਹੌਲ ਵਿੱਚ ਲੁਟੇਰਿਆਂ ਦਾ ਆਪਣਾ ਮੋਬਾਈਲ ਫੋਨ ਮਹੰਤ ਦੇ ਹੱਥ ਵਿੱਚ ਹੀ ਰਹਿ ਗਿਆ। ਪੀੜਤਾਂ ਨੇ ਉਹ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਬਾਅਦ ਵਿੱਚ ਪੁਲਿਸ ਦੇ ਹਵਾਲੇ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਦਿਨ ਦਿਹਾੜੇ ਬਾਜ਼ਾਰ ਵਿੱਚ ਵਾਪਰੀ ਇਸ ਵਾਰਦਾਤ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਸਹਿਮ ਅਤੇ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਹੋਣੇ ਚਾਹੀਦੇ ਹਨ। ਪੀੜ੍ਹਤਾਂ ਅਤੇ ਸਥਾਨਕ ਨਾਗਰਿਕਾਂ ਨੇ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੌਕੇ ’ਤੇ ਮਿਲੇ ਮੋਬਾਈਲ ਫੋਨ ਅਤੇ ਬਾਜ਼ਾਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਮੱਦਦ ਨਾਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ, ਤਾਂ ਜੋ ਆਮ ਜਨਤਾ, ਕਾਰੋਬਾਰੀਆਂ ਅਤੇ ਫ਼ਕੀਰਾਂ ਵਿੱਚ ਸੁਰੱਖਿਆ ਦੀ ਭਾਵਨਾ ਬਣੀ ਰਹੇ ਅਤੇ ਅਜਿਹੇ ਅਪਰਾਧੀ ਬਖ਼ਸ਼ੇ ਨਾ ਜਾਣ।