- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਤਲਵੰਡੀ ਜੱਲੇ ਖਾਂ ਨੇੜੇ ਦੋ ਗੱਡੀਆਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾਸਾ ਦੇ ਡੀਪੀਈ ਅਧਿਆਪਕ ਗੁਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਮੋਗਾ ਅਤੇ ਵਿਦਿਆਰਥੀ ਅਭੈਪ੍ਰਤਾਪ ਸਿੰਘ ਔਲਖ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ-ਕੋਟ ਈਸੇ ਖਾਂ ਮੁੱਖ ਮਾਰਗ ’ਤੇ ਬੁੱਧਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਪਿੰਡ ਤਲਵੰਡੀ ਜੱਲੇ ਖਾਂ ਨੇੜੇ ਦੋ ਗੱਡੀਆਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਰਦਾਸਾ ਦੇ ਡੀਪੀਈ ਅਧਿਆਪਕ ਗੁਰਵਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਮੋਗਾ ਅਤੇ ਵਿਦਿਆਰਥੀ ਅਭੈਪ੍ਰਤਾਪ ਸਿੰਘ ਔਲਖ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਡੀਪੀਈ ਮਾਸਟਰ ਗੁਰਵਿੰਦਰ ਸਿੰਘ ਆਪਣੀ ਕਾਰ ਨੰਬਰ ਪੀਬੀ29ਏਡੀ- 2821 ਰਾਹੀਂ ਆਪਣੇ ਸਾਥੀ ਅਧਿਆਪਕ ਹਰਿਸਿਮਰਨ ਸਿੰਘ ਡੀਪੀਈ ਦੇ ਬੇਟੇ ਅਭੈਪ੍ਰਤਾਪ ਸਿੰਘ ਔਲਖ ਨੂੰ ਨਾਲ ਲੈ ਕੇ ਕੋਟ ਈਸੇ ਖਾਂ ਵੱਲ ਜਾ ਰਹੇ ਸਨ, ਜਦ ਉਹ ਤਲਵੰਡੀ ਜੱਲੇ ਖਾਂ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਸਕਾਰਪੀਓ ਗੱਡੀ ਨੰਬਰ ਪੀਬੀ05ਏ ਯੂ-2080 ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ।
ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਦੋਵਾਂ ਨੂੰ ਸਿਵਲ ਹਸਪਤਾਲ ਜ਼ੀਰਾ ਪਹੁੰਚਾਇਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਗਹਿਰੇ ਸਦਮੇ ਵਿੱਚ ਸਨ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਵਿਦਿਆਰਥੀ ਅਭੈਪ੍ਰਤਾਪ ਸਿੰਘ ਔਲਖ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਜੀਵਨ ਮੱਲ ਸਕੂਲ ਜ਼ੀਰਾ ਦਾ ਵਿਦਿਆਰਥੀ ਸੀ।
ਉਹ ਹਰਦਾਸਾ ਸਕੂਲ ਵਿਖੇ ਅੰਡਰ-17 ਸਾਫਟਬਾਲ ਦਾ ਖਿਡਾਰੀ ਵੀ ਸੀ। ਦੱਸਿਆ ਜਾਂਦਾ ਹੈ ਕਿ ਉਹ ਸਕੂਲ ਵਿੱਚ ਪ੍ਰੈਕਟਿਸ ਕਰਨ ਉਪਰੰਤ ਡੀਪੀਈ ਅਧਿਆਪਕ ਗੁਰਵਿੰਦਰ ਸਿੰਘ ਨਾਲ ਲਿਫਟ ਲੈ ਕੇ ਕੋਟ ਈਸੇ ਖਾਂ ਜਾ ਰਿਹਾ ਸੀ। ਦੋਵਾਂ ਦੀ ਬੇਵਕਤੀ ਮੌਤ ਦੀ ਖ਼ਬਰ ਨਾਲ ਸਿੱਖਿਆ ਅਤੇ ਖੇਡ ਜਗਤ ਸਮੇਤ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਹਾਦਸੇ ’ਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਐੱਸਐੱਸਐੱਮ ਸਕੂਲ ਕੱਸੋਆਣਾ ਦੇ ਚੇਅਰਮੈਨ ਕੰਵਲਜੀਤ ਸਿੰਘ, ਹੇਮਕੁੰਟ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਡੀਪੀਈ ਪਰਮਿੰਦਰ ਸਿੰਘ ਸਮੇਤ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਨਹੀਂ ਦੇਖਿਆ ਜਾ ਰਿਹਾ ਸੀ ਅਭੈ ਪ੍ਰਤਾਪ ਦੇ ਪਿਤਾ ਦਾ ਵਿਰਲਾਪ
ਸੜਕ ਹਾਦਸੇ ਨੇ ਆਦਰਸ਼ ਸਕੂਲ ਦੇ ਡੀਪੀ ਹਰਸਿਮਰਨ ਸਿੰਘ ਦੇ ਘਰ ਦਾ ਚਿਰਾਗ ਬੁਝਾ ਦਿੱਤਾ। ਪੁੱਤਰ ਅਭੈ ਪ੍ਰਤਾਪ ਸਿੰਘ ਦੀ ਦੇਹ ਕੋਲ ਬੈਠੇ ਪਿਤਾ ਦਾ ਵਿਰਲਾਪ ਦੇਖ ਕੇ ਪੱਥਰ ਦਿਲ ਵੀ ਪਿਘਲ ਉੱਠਿਆ। ਕਦੇ ਪੁੱਤਰ ਨੂੰ ਪੁਕਾਰਦੇ ਤੇ ਕਦੇ ਉਸਦੇ ਚਿਹਰੇ ਨੂੰ ਨਿਹਾਰਦੇ ਪਿਤਾ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂ ਹਰ ਦਿਲ ਨੂੰ ਝੰਜੋੜ ਰਹੇ ਸਨ। ਗਮਗੀਨ ਮਾਹੌਲ ਵਿੱਚ ਉੱਠਦੀ ਹਰ ਸਿਸਕੀ ਇਹੀ ਪੁੱਛ ਰਹੀ ਸੀ,ਜਿਸ ਪੁੱਤਰ ਨੂੰ ਮੋਢਿਆਂ ’ਤੇ ਚੁੱਕ ਕੇ ਪਾਲਿਆ, ਅੱਜ ਉਸਨੂੰ ਮੋਢਾ ਕਿਵੇਂ ਦੇਈਏ?