ਨੌਜਵਾਨ ਵਰਗ ਵਿੱਚ ਵਧਦੀ ਬੇਰੁਜ਼ਗਾਰੀ ਬਣੀ ਗੰਭੀਰ ਚਿੰਤਾ, ਸਰਕਾਰਾਂ ਅੱਗੇ ਰੋਜ਼ਗਾਰ ਸਿਰਜਣ ਦੀ ਵੱਡੀ ਚੁਣੌਤੀ ਨੌਜਵਾਨ ਵਰਗ ਵਿੱਚ ਵਧਦੀ ਬੇਰੁਜ਼ਗਾਰੀ ਬਣੀ ਗੰਭੀਰ ਚਿੰਤਾ, ਸਰਕਾਰਾਂ ਅੱਗੇ ਰੋਜ਼ਗਾਰ ਸਿਰਜਣ ਦੀ ਵੱਡੀ ਚੁਣੌਤੀ
Publish Date: Wed, 01 Jul 2026 03:45 PM (IST)
Updated Date: Wed, 01 Jul 2026 03:46 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਸ਼ ਵਿੱਚ ਨੌਜਵਾਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਸਮਾਜਿਕ ਅਤੇ ਆਰਥਿਕ ਮੁੱਦੇ ਵਜੋਂ ਉਭਰ ਰਹੀ ਹੈ। ਉੱਚ ਸਿੱਖਿਆ ਪ੍ਰਾਪਤ ਕਰਨ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਆਪਣੀ ਯੋਗਤਾ ਅਨੁਸਾਰ ਰੋਜ਼ਗਾਰ ਨਹੀਂ ਮਿਲ ਰਿਹਾ। ਇਸ ਕਾਰਨ ਨਿਰਾਸ਼ਾ, ਆਰਥਿਕ ਤੰਗੀ ਅਤੇ ਵਿਦੇਸ਼ਾਂ ਵੱਲ ਵਧਦਾ ਰੁਝਾਨ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਇਸ ਦੇ ਦੂਰਗਾਮੀ ਪ੍ਰਭਾਵ ਦੇਸ਼ ਦੀ ਆਰਥਿਕਤਾ ਅਤੇ ਸਮਾਜਿਕ ਢਾਂਚੇ ’ਤੇ ਪੈ ਸਕਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਉਮੀਦਾਂ ਅਨੁਸਾਰ ਨਹੀਂ ਵਧੇ। ਦੂਜੇ ਪਾਸੇ ਹਰ ਸਾਲ ਲੱਖਾਂ ਵਿਦਿਆਰਥੀ ਡਿਗਰੀਆਂ ਅਤੇ ਤਕਨੀਕੀ ਯੋਗਤਾਵਾਂ ਹਾਸਲ ਕਰਕੇ ਰੋਜ਼ਗਾਰ ਬਾਜ਼ਾਰ ਵਿੱਚ ਦਾਖ਼ਲ ਹੋ ਰਹੇ ਹਨ। ਮੰਗ ਅਤੇ ਸਪਲਾਈ ਵਿਚ ਇਹ ਅਸੰਤੁਲਨ ਬੇਰੁਜ਼ਗਾਰੀ ਦੀ ਦਰ ਨੂੰ ਵਧਾ ਰਿਹਾ ਹੈ। ਬੇਰੁਜ਼ਗਾਰੀ ਦੇ ਮੁੱਖ ਕਾਰਨਾਂ ਵਿੱਚ ਉਦਯੋਗਿਕ ਵਿਕਾਸ ਦੀ ਧੀਮੀ ਰਫ਼ਤਾਰ, ਹੁਨਰ ਅਤੇ ਉਦਯੋਗਾਂ ਦੀ ਲੋੜ ਵਿਚਕਾਰ ਫ਼ਰਕ, ਨਵੀਆਂ ਨੌਕਰੀਆਂ ਦੀ ਘਾਟ ਅਤੇ ਸਰਕਾਰੀ ਭਰਤੀਆਂ ਵਿਚ ਦੇਰੀ ਸ਼ਾਮਲ ਹਨ। ਪੇਂਡੂ ਖੇਤਰਾਂ ਵਿਚ ਰੋਜ਼ਗਾਰ ਦੇ ਸੀਮਤ ਮੌਕੇ ਹੋਣ ਕਾਰਨ ਨੌਜਵਾਨ ਸ਼ਹਿਰਾਂ ਜਾਂ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ........................ ਸਿੱਖਿਆ ਮਾਹਿਰ ਡਾ. ਸਤਿੰਦਰ ਸਿੰਘ ਜ਼ਿਲ੍ਹਾ ਉਪ ਸਿੱਖਿਆ ਅਫਸਰ ਦਾ ਮੰਨਣਾ ਹੈ ਕਿ ਮੌਜ਼ੂਦਾ ਸਿੱਖਿਆ ਪ੍ਰਣਾਲੀ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੋਰ ਵਿਹਾਰਕ ਬਣਾਉਣ ਦੀ ਲੋੜ ਹੈ। ਸਿਰਫ਼ ਡਿਗਰੀਆਂ ਹੀ ਨਹੀਂ, ਸਗੋਂ ਤਕਨੀਕੀ ਸਿਖਲਾਈ, ਡਿਜ਼ੀਟਲ ਹੁਨਰ, ਸੰਚਾਰ ਕੌਸ਼ਲ ਅਤੇ ਉਦਯੋਗਿਕ ਤਜਰਬੇ ’ਤੇ ਵੀ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਵਿਦਿਆਰਥੀ ਨੌਕਰੀ ਲਈ ਵਧੇਰੇ ਯੋਗ ਬਣ ਸਕਣ। ਇਸਦੇ ਨਾਲ ਹੀ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨਾ ਵੀ ਸਮੇਂ ਦੀ ਲੋੜ ਹੈ। ਨੌਜਵਾਨਾਂ ਨੂੰ ਸਟਾਰਟਅੱਪ, ਛੋਟੇ ਕਾਰੋਬਾਰ ਅਤੇ ਉਦਮਤਾ ਵੱਲ ਪ੍ਰੇਰਿਤ ਕਰਨ ਲਈ ਸਰਕਾਰਾਂ ਨੂੰ ਘੱਟ ਵਿਆਜ ’ਤੇ ਕਰਜ਼ੇ, ਕਾਰੋਬਾਰੀ ਸਲਾਹ ਅਤੇ ਹੁਨਰ ਵਿਕਾਸ ਪ੍ਰੋਗਰਾਮ ਚਲਾਉਣੇ ਚਾਹੀਦੇ ਹਨ। ਇਸ ਨਾਲ ਨਾ ਸਿਰਫ਼ ਨਵੇਂ ਉਦਮੀ ਤਿਆਰ ਹੋਣਗੇ, ਸਗੋਂ ਹੋਰ ਲੋਕਾਂ ਲਈ ਵੀ ਰੋਜ਼ਗਾਰ ਦੇ ਮੌਕੇ ਬਣਨਗੇ। ...................... ਬਲਜੀਤ ਕੌਰ ਬੰਗੜ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਿਰੋਜ਼ਪੁਰ ਦਾ ਮੰਨਣਾ ਹੈ ਕਿ ਵਧਦੀ ਬੇਰੁਜ਼ਗਾਰੀ ਦਾ ਪ੍ਰਭਾਵ ਸਿਰਫ਼ ਆਰਥਿਕ ਪੱਖ ਤੱਕ ਸੀਮਤ ਨਹੀਂ, ਸਗੋਂ ਇਹ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਸਮਾਜਿਕ ਜੀਵਨ ਨੂੰ ਵੀ ਗੰਭੀਰ ਤੌਰ ਤੇ ਪ੍ਰਭਾਵਿਤ ਕਰ ਰਹੀ ਹੈ। ਲੰਬੇ ਸਮੇਂ ਤੱਕ ਰੋਜ਼ਗਾਰ ਨਾ ਮਿਲਣ ਕਾਰਨ ਨੌਜਵਾਨਾਂ ਵਿੱਚ ਨਿਰਾਸ਼ਾ, ਤਣਾਅ, ਆਤਮ-ਵਿਸ਼ਵਾਸ ਦੀ ਕਮੀ ਅਤੇ ਭਵਿੱਖ ਪ੍ਰਤੀ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ। ਇਸ ਕਾਰਨ ਬਹੁਤ ਸਾਰੇ ਯੋਗ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਵਿਦੇਸ਼ਾਂ ਨੂੰ ਹੀ ਆਪਣੇ ਸੁਨਹਿਰੇ ਭਵਿੱਖ ਦਾ ਇਕੱਲਾ ਵਿਕਲਪ ਸਮਝਣ ਲੱਗੇ ਹਨ। ਇਹ ਰੁਝਾਨ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਨਾਲ ਪ੍ਰਤਿਭਾ ਦਾ ਲਗਾਤਾਰ ਪਲਾਇਨ ਹੋ ਰਿਹਾ ਹੈ, ਜੋ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਥਿਤੀ ਨੂੰ ਬਦਲਣ ਲਈ ਸਰਕਾਰਾਂ ਨੂੰ ਦੇਸ਼ ਅੰਦਰ ਹੀ ਮਿਆਰੀ, ਸੁਰੱਖਿਅਤ ਅਤੇ ਸਥਾਈ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਇਸ ਦੇ ਨਾਲ-ਨਾਲ ਹੁਨਰ ਵਿਕਾਸ, ਉਦਯੋਗਿਕ ਨਿਵੇਸ਼ ਅਤੇ ਨੌਜਵਾਨਾਂ ਲਈ ਉਦਮਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਵੀ ਬਹੁਤ ਜ਼ਰੂਰੀ ਹੈ। ...................... ਜੁਗਿੰਦਰ ਸਿੰਘ ਮਾਣਕ ਪ੍ਰਧਾਨ ਯੂਥ ਵੈਲਫੇਅਰ ਕਲੱਬ ਦਾ ਕਹਿਣਾ ਹੈ ਕਿ ਨੌਜਵਾਨਾਂ ਲਈ ਟਿਕਾਊ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਰਕਾਰਾਂ ਨੂੰ ਨਵੇਂ ਉਦਯੋਗਾਂ ਅਤੇ ਨਿਵੇਸ਼ ਨੂੰ ਪਹਿਲ ਦੇਣੀ ਚਾਹੀਦੀ ਹੈ। ਸੂਖਮ, ਲਘੂ ਅਤੇ ਮੱਧਮ ਉਦਯੋਗ (ਐੱਮਐੱਸਐੱਮਈ) ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਹ ਖੇਤਰ ਵੱਡੀ ਗਿਣਤੀ ਵਿਚ ਰੋਜ਼ਗਾਰ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਜੇਕਰ ਇਨ੍ਹਾਂ ਉਦਯੋਗਾਂ ਨੂੰ ਘੱਟ ਵਿਆਜ ਦਰਾਂ ’ਤੇ ਕਰਜ਼ੇ, ਕਰਾਂ ਵਿੱਚ ਰਾਹਤ, ਆਧੁਨਿਕ ਤਕਨਾਲੋਜੀ ਅਤੇ ਸਰਕਾਰੀ ਪ੍ਰੋਤਸਾਹਨ ਦਿੱਤਾ ਜਾਵੇ ਤਾਂ ਨਵੇਂ ਉਦਯੋਗ ਸਥਾਪਤ ਹੋਣਗੇ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ। ਇਸ ਦੇ ਨਾਲ ਹੀ ਖੇਤੀ ਆਧਾਰਿਤ ਉਦਯੋਗ, ਫੂਡ ਪ੍ਰੋਸੈਸਿੰਗ, ਡੇਅਰੀ, ਟੂਰਿਜ਼ਮ, ਸੂਚਨਾ ਤਕਨਾਲੋਜੀ, ਸਟਾਰਟਅੱਪ, ਨਵਿਆਉਣਯੋਗ ਊਰਜਾ (ਗ੍ਰੀਨ ਐਨਰਜੀ) ਅਤੇ ਡਿਜ਼ੀਟਲ ਸੇਵਾਵਾਂ ਵਰਗੇ ਖੇਤਰਾਂ ਵਿੱਚ ਵੀ ਬੇਅੰਤ ਸੰਭਾਵਨਾਵਾਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਦਯੋਗ-ਪੱਖੀ ਨੀਤੀਆਂ ਅਪਣਾਵੇ, ਬੁਨਿਆਦੀ ਢਾਂਚਾ ਮਜ਼ਬੂਤ ਕਰੇ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰੇ ਤਾਂ ਦੇਸ਼ ਵਿੱਚ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੁੱਲ੍ਹ ਸਕਦੇ ਹਨ ਅਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਧਦਾ ਰੁਝਾਨ ਵੀ ਘਟਾਇਆ ਜਾ ਸਕਦਾ ਹੈ। ..................... ਹਰਪ੍ਰੀਤ ਸਿੰਘ ਸ਼ੇਰਖਾਂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ (ਬੀਸੀ ਵਿੰਗ) ਅਨੁਸਾਰ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੇਵਲ ਨਵੀਆਂ ਨੌਕਰੀਆਂ ਪੈਦਾ ਕਰਨ ਨਾਲ ਨਹੀਂ, ਸਗੋਂ ਸਿੱਖਿਆ, ਉਦਯੋਗ ਅਤੇ ਹੁਨਰ ਵਿਕਾਸ ਪ੍ਰਣਾਲੀ ਵਿਚਕਾਰ ਮਜ਼ਬੂਤ ਤਾਲਮੇਲ ਬਣਾਉਣ ਨਾਲ ਸੰਭਵ ਹੈ। ਉਨ੍ਹਾਂ ਦੇ ਅਨੁਸਾਰ ਸਿੱਖਿਆ ਸੰਸਥਾਵਾਂ ਵਿੱਚ ਅਜਿਹੇ ਕੋਰਸ ਅਤੇ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਜੋ ਉਦਯੋਗਾਂ ਦੀਆਂ ਲੋੜਾਂ ਦੇ ਅਨੁਕੂਲ ਹੋਣ। ਇਸ ਨਾਲ ਨੌਜਵਾਨਾਂ ਨੂੰ ਸਿੱਖਿਆ ਪੂਰੀ ਕਰਨ ਉਪਰੰਤ ਰੋਜ਼ਗਾਰ ਹਾਸਲ ਕਰਨ ਵਿੱਚ ਆਸਾਨੀ ਹੋਵੇਗੀ। ਇਸ ਦੇ ਨਾਲ ਹੀ ਸਰਕਾਰੀ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸਮੇਂ ਸਿਰ ਮੁਕੰਮਲ ਕਰਨਾ ਵੀ ਬੇਹੱਦ ਜ਼ਰੂਰੀ ਹੈ, ਤਾਂ ਜੋ ਨੌਜਵਾਨਾਂ ਦਾ ਪ੍ਰਣਾਲੀ ਉੱਤੇ ਵਿਸ਼ਵਾਸ ਬਣਿਆ ਰਹੇ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿੱਚ ਉਦਯੋਗਿਕ ਇਕਾਈਆਂ, ਫੂਡ ਪ੍ਰੋਸੈਸਿੰਗ ਪਾਰਕ, ਸਟਾਰਟਅੱਪ ਹੱਬ ਅਤੇ ਹੁਨਰ ਵਿਕਾਸ ਕੇਂਦਰ ਸਥਾਪਤ ਕਰਕੇ ਸਥਾਨਕ ਪੱਧਰ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਇਸ ਨਾਲ ਸ਼ਹਿਰਾਂ ਵੱਲ ਪਲਾਇਨ ਘਟੇਗਾ, ਖੇਤਰੀ ਸੰਤੁਲਿਤ ਵਿਕਾਸ ਨੂੰ ਬਲ ਮਿਲੇਗਾ ਅਤੇ ਪੇਂਡੂ ਆਰਥਿਕਤਾ ਵੀ ਮਜ਼ਬੂਤ ਹੋਵੇਗੀ। .......................... ਐਡਵੋਕੇਟ ਸੁਖਪਾਲ ਸਿੰਘ ਅਨੁਸਾਰ ਡਿਜ਼ੀਟਲ ਅਰਥਵਿਵਸਥਾ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਈ-ਕਾਮਰਸ ਅਤੇ ਨਵਿਆਉਣਯੋਗ ਊਰਜਾ ਵਰਗੇ ਉਭਰਦੇ ਖੇਤਰਾਂ ਵਿੱਚ ਹੁਨਰ ਸਿਖਲਾਈ ਦੇ ਕੇ ਨੌਜਵਾਨਾਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਤਿਆਰ ਕੀਤਾ ਜਾ ਸਕਦਾ ਹੈ। ਇਸ ਨਾਲ ਦੇਸ਼ ਦੀ ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਵਿੱਚ ਵੀ ਵਾਧਾ ਹੋਵੇਗਾ। ਨੌਜਵਾਨਾਂ ਵਿੱਚ ਵਧਦੀ ਬੇਰੁਜ਼ਗਾਰੀ ਸਿਰਫ਼ ਰੋਜ਼ਗਾਰ ਦਾ ਹੀ ਨਹੀਂ, ਸਗੋਂ ਦੇਸ਼ ਦੇ ਵਿਕਾਸ ਨਾਲ ਜੁੜਿਆ ਮੁੱਦਾ ਹੈ। ਇਸ ਦੇ ਹੱਲ ਲਈ ਸਰਕਾਰਾਂ, ਉਦਯੋਗਾਂ, ਸਿੱਖਿਆ ਸੰਸਥਾਵਾਂ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸਮੇਂ ਸਿਰ ਪ੍ਰਭਾਵਸ਼ਾਲੀ ਨੀਤੀਆਂ, ਹੁਨਰ ਵਿਕਾਸ, ਉਦਯੋਗਿਕ ਨਿਵੇਸ਼ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹ ਦੇਣ ਨਾਲ ਹੀ ਨੌਜਵਾਨਾਂ ਨੂੰ ਬਿਹਤਰ ਭਵਿੱਖ ਅਤੇ ਦੇਸ਼ ਨੂੰ ਮਜ਼ਬੂਤ ਆਰਥਿਕ ਵਿਕਾਸ ਦੀ ਦਿਸ਼ਾ ਮਿਲ ਸਕਦੀ ਹੈ।