- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਫਿਰੋਜ਼ਪੁਰ ’ਚ ਤਹਿਸੀਲ ਪੱਧਰੀ ਧਰਨਾ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾਈ ਸੱਦੇ ’ਤੇ ਅੱਜ ਤਹਿਸੀਲ ਫਿਰੋਜ਼ਪੁਰ ਵਿਖੇ ਸਮੂਹ ਪਟਵਾਰੀ ਸਾਥੀਆਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਤਹਿਸੀਲ ਪੱਧਰ ’ਤੇ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਟਵਾਰੀਆਂ, ਕਾਨੂੰਗੋਆਂ ਅਤੇ ਸੇਵਾਮੁਕਤ ਅਧਿਕਾਰੀਆਂ ਨੇ ਸ਼ਮੂਲੀਅਤ ਕਰਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਟਵਾਰੀ ਵਰਗ ਨੂੰ ਦਰਪੇਸ਼ ਮੁੱਦਿਆਂ ਨੂੰ ਜੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਲਾਗੂ ਕੀਤੇ ਗਏ ‘ਸਟੇਟ ਕੇਡਰ’ ਨੂੰ ਤੁਰੰਤ ਰੱਦ ਕਰਕੇ ਪੁਰਾਣਾ ‘ਜ਼ਿਲ੍ਹਾ ਕੇਡਰ’ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ 17 ਜੁਲਾਈ 2020 ਦੇ ਪੱਤਰ ਨੂੰ ਰੱਦ ਕਰਦਿਆਂ ਨਵੇਂ ਭਰਤੀ ਹੋਏ ਪਟਵਾਰੀਆਂ ਦੀਆਂ ਤਨਖਾਹਾਂ ਵਧਾ ਕੇ ਪੁਰਾਣੇ ਪਟਵਾਰੀਆਂ ਦੇ ਬਰਾਬਰ ਕਰਨ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ 1056 ਪਟਵਾਰੀਆਂ ਦੀਆਂ ਘਟਾਈਆਂ ਗਈਆਂ ਅਸਾਮੀਆਂ ਨੂੰ ਤੁਰੰਤ ਮੁੜ ਬਹਾਲ ਕਰਨ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ। ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਇਹ ਮੰਗਾਂ ਜਲਦ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਹੜਤਾਲ ਤੇ ਸੰਘਰਸ਼ ਕਾਰਨ ਆਮ ਜਨਤਾ ਨੂੰ ਹੋਣ ਵਾਲੀ ਖੱਜਲ-ਖੁਆਰੀ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਰੋਸ ਪ੍ਰਦਰਸ਼ਨ ਵਿਚ ਰਿਟਾਇਰਡ ਨਾਇਬ ਤਹਿਸੀਲਦਾਰ ਬਲਜਿੰਦਰ ਸਿੰਘ, ਰਿਟਾਇਰਡ ਕਾਨੂੰਗੋ ਹਰਮੀਤ ਵਿਦਿਆਰਥੀ, ਸਾਬਕਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਸੈਣੀ, ਰਾਕੇਸ਼ ਕਪੂਰ, ਜਸਵਿੰਦਰ ਸਿੰਘ ਰਿਟਾਇਰਡ ਪਟਵਾਰੀ, ਜ਼ਿਲ੍ਹਾ ਪ੍ਰਧਾਨ ਵਿਜੇ ਚੌਧਰੀ, ਜ਼ਿਲ੍ਹਾ ਜਨਰਲ ਸਕੱਤਰ ਅਤੁਲ ਧਵਨ, ਤਹਿਸੀਲ ਪ੍ਰਧਾਨ ਅਨਿਲ ਕੁਮਾਰ, ਕਾਨੂੰਗੋ ਵਤਨਪ੍ਰੀਤ ਸਿੰਘ, ਗੁਰਦੇਵ ਸਿੰਘ, ਤਹਿਸੀਲ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਔਲਖ ਅਤੇ ਸਹਾਇਕ ਤਹਿਸੀਲ ਜਨਰਲ ਸਕੱਤਰ ਕਿਰਨਜੀਤ ਕੌਰ ਸਮੇਤ ਹੋਰ ਪਟਵਾਰੀ ਸਾਥੀ ਹਾਜ਼ਰ ਸਨ।