ਧਾਰਮਿਕ ਯਾਤਰਾ ਬਣੀ ਆਖ਼ਰੀ ਸਫ਼ਰ : ਜ਼ੀਰਾ ਦੀ ਮਹਿਲਾ ਦੀ ਰਸਤੇ 'ਚ ਮੌਤ, 15 ਮਿੰਟ ਪਹਿਲਾਂ ਹੋਈ ਸੀ ਪਰਿਵਾਰ ਨਾਲ ਗੱਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜ਼ੀਰਾ ਤੋਂ ਗਈ ਬੱਸ ਯਾਤਰਾ ਦੌਰਾਨ ਉਸ ਵੇਲੇ ਮਾਤਮ ਛਾ ਗਿਆ, ਜਦੋਂ ਯਾਤਰਾ ਵਿੱਚ ਸ਼ਾਮਲ 62 ਸਾਲਾ ਮਹਿਲਾ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਾਂਤਾ ਰਾਣੀ ਪਤਨੀ ਬਲਦੇਵ ਸਿੰਘ ਦੋਧੀ, ਵਾਸੀ ਮੁਹੱਲਾ ਮੱਲੀਆਂ, ਜ਼ੀਰਾ ਵਜੋਂ ਹੋਈ ਹੈ।
Publish Date: Sun, 20 Sep 2026 04:14 PM (IST)
Updated Date: Sun, 20 Sep 2026 04:15 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜ਼ੀਰਾ ਤੋਂ ਗਈ ਬੱਸ ਯਾਤਰਾ ਦੌਰਾਨ ਉਸ ਵੇਲੇ ਮਾਤਮ ਛਾ ਗਿਆ, ਜਦੋਂ ਯਾਤਰਾ ਵਿੱਚ ਸ਼ਾਮਲ 62 ਸਾਲਾ ਮਹਿਲਾ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਾਂਤਾ ਰਾਣੀ ਪਤਨੀ ਬਲਦੇਵ ਸਿੰਘ ਦੋਧੀ, ਵਾਸੀ ਮੁਹੱਲਾ ਮੱਲੀਆਂ, ਜ਼ੀਰਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਕਾਂਤਾ ਰਾਣੀ 17 ਸਤੰਬਰ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਾਹੀਂ ਸ਼੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਗਈ ਸੀ। ਯਾਤਰਾ ਦੌਰਾਨ ਬੀਤੀ ਦੇਰ ਸ਼ਾਮ ਕਰੀਬ 8.30 ਵਜੇ ਉਸ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਅਟੈਕ ਆਉਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਘਟਨਾ ਤੋਂ ਮਹਿਜ਼ 15 ਮਿੰਟ ਪਹਿਲਾਂ ਰਾਤ 8.15 ਵਜੇ ਉਨ੍ਹਾਂ ਦੀ ਕਾਂਤਾ ਰਾਣੀ ਨਾਲ ਫੋਨ ’ਤੇ ਗੱਲ ਹੋਈ ਸੀ। ਉਸ ਸਮੇਂ ਉਹ ਬਿਲਕੁਲ ਠੀਕ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਗੱਲ ਸਾਹਮਣੇ ਨਹੀਂ ਆਈ ਪਰ ਕੁਝ ਹੀ ਮਿੰਟਾਂ ਬਾਅਦ ਪਰਿਵਾਰ ਲਈ ਅਜਿਹੀ ਦੁਖਦਾਈ ਖ਼ਬਰ ਆਈ, ਜਿਸ ਨਾਲ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰਿਕ ਮੈਂਬਰਾਂ ਨੂੰ ਪੁਲਿਸ ਵੱਲੋਂ ਫੋਨ ਰਾਹੀਂ ਕਾਂਤਾ ਰਾਣੀ ਦੀ ਮੌਤ ਦੀ ਸੂਚਨਾ ਦਿੱਤੀ ਗਈ।
ਇਸ ਤੋਂ ਬਾਅਦ ਐਂਬੂਲੈਂਸ ਰਾਹੀਂ ਮ੍ਰਿਤਕਾ ਦੀ ਦੇਹ ਨੂੰ ਜ਼ੀਰਾ ਲਿਆਂਦਾ ਗਿਆ। 62 ਸਾਲਾ ਕਾਂਤਾ ਰਾਣੀ ਦੀ ਅਚਾਨਕ ਹੋਈ ਮੌਤ ਨਾਲ ਪਰਿਵਾਰ ਸਮੇਤ ਮੁਹੱਲੇ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।