ਮੁੱਦਕੀ ’ਚ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ 51 ਕੰਜਕਾਂ ਦਾ ਪੂਜਨ ਮੁੱਦਕੀ ਵਿਚ ਸ਼੍ਰੀ ਦੁਰਗਾ ਭਜਨ ਮੰਡਲੀ ਵੱਲੋਂ ਧਾਰਮਿਕ ਸਮਾਗਮ, 51 ਕੰਜਕਾਂ ਦਾ ਕੀਤਾ ਗਿਆ ਪੂਜਨ
Publish Date: Fri, 21 Aug 2026 04:06 PM (IST)
Updated Date: Fri, 21 Aug 2026 04:09 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਇਕ ਧਾਰਮਿਕ ਸਮਾਗਮ ਦਾ ਆਯੋਜਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਇੱਕਠੀਆਂ ਹੋਈਆਂ ਕੰਜਕਾਂ ਦਾ ਪੂਜਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਗਿਆ। ਇਹ ਧਾਰਮਿਕ ਸਮਾਗਮ ਮੰਡਲੀ ਦੇ ਸਰਪ੍ਰਸਤ ਐੱਨ.ਆਰ.ਆਈ. ਪ੍ਰਦੀਪ ਕੁਮਾਰ ਆਹੂਜਾ, ਪ੍ਰਧਾਨ ਜਸਪ੍ਰੀਤ ਸਿੰਘ ਰਾਜੂ ਦੀ ਰਹਿਨੁਮਾਈ ਅਤੇ ਸਾਬਕਾ ਪ੍ਰਧਾਨ ਲੱਕੀ ਸ਼ਰਮਾ ਦੀ ਦੇਖ-ਰੇਖ ਹੇਠ ਸੰਪੰਨ ਹੋਇਆ। ਸਮਾਗਮ ਦੀ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਧਾਨ ਲੱਕੀ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ਤੇ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਨੂੰ ਸਮਰਪਿਤ ਇਹ ਆਯੋਜਨ ਕੀਤਾ ਗਿਆ ਹੈ। ਇਸ ਸ਼ੁਭ ਅਵਸਰ ਤੇ ਪ੍ਰਾਚੀਨ ਸ਼ਿਵ ਮੰਦਿਰ ਮੁੱਦਕੀ ਦੀ ਭਜਨ ਮੰਡਲੀ ਦੀਆਂ ਬੀਬੀਆਂ ਅਤੇ ਭੈਣਾਂ ਨੇ ਮਹਾਮਾਈ ਦੀਆਂ ਭੇਟਾਂ ਅਤੇ ਮਨਮੋਹਕ ਭਜਨ-ਕੀਰਤਨ ਰਾਹੀਂ ਪੂਰੇ ਵਾਤਾਵਰਨ ਨੂੰ ਭਗਤੀਮਈ ਬਣਾ ਦਿੱਤਾ। ਧਾਰਮਿਕ ਸਮਾਗਮ ਦੌਰਾਨ ਮੰਡਲੀ ਵੱਲੋਂ ਸਮਾਜ ਸੇਵਾ ਦੀ ਉੱਤਮ ਮਿਸਾਲ ਪੇਸ਼ ਕੀਤੀ ਗਈ। ਮੁੱਦਕੀ ਦੇ ਜੰਮਪਲ ਅਤੇ ਕੈਨੇਡਾ ਵਾਸੀ ਵਿੱਕੀ ਆਹੂਜਾ ਵੱਲੋਂ ਉਚੇਚੇ ਤੌਰ ’ਤੇ ਭੇਜੀਆਂ ਗਈਆਂ 51 ਸਕੂਲ ਬੈਗ ਕਿੱਟਾਂ 51 ਕੰਜਕਾਂ ਨੂੰ ਲੋੜੀਂਦੀਆਂ ਵਸਤੂਆਂ ਦੇ ਨਾਲ ਵੰਡੀਆਂ ਗਈਆਂ, ਤਾਂ ਕਿ ਬੱਚਿਆਂ ਦੀ ਪੜ੍ਹਾਈ ਵਿੱਚ ਉਤਸ਼ਾਹ ਵਧਾਇਆ ਜਾ ਸਕੇ। ਇਸ ਦੇ ਨਾਲ ਹੀ ਆਈਆਂ ਹੋਈਆਂ ਸੰਗਤਾਂ ਲਈ ਪੂੜੀਆਂ-ਛੋਲਿਆਂ ਅਤੇ ਖੀਰ ਦਾ ਅਤੁੱਟ ਭੰਡਾਰਾ (ਲੰਗਰ) ਵਰਤਾਇਆ ਗਿਆ, ਜਿਸ ਦਾ ਸੈਂਕੜੇ ਸ਼ਰਧਾਲੂਆਂ ਨੇ ਪ੍ਰਸ਼ਾਦ ਛਕਿਆ। ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ, ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਮੀ, ਰਾਕੇਸ਼ ਸ਼ਰਮਾ ਕੋਟਕਪੂਰਾ, ਬਲਾਕ ਮੁੱਦਕੀ ਕਾਂਗਰਸ ਪ੍ਰਧਾਨ ਕਮਲ ਕੁਮਾਰ ਅਗਰਵਾਲ, ਸੋਸ਼ਲ ਮੀਡੀਆ ਇੰਚਾਰਜ ਬਲਬੀਰ ਸਿੰਘ ਬੱਬਾ ਸੰਧੂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਭਜਨ ਮੰਡਲੀ ਦੇ ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ, ਪਹੁੰਚੇ ਹੋਏ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।