ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਘਰਾਂ ਦੀ ਮੁੜ ਉਸਾਰੀ ਦਾ ਕੰਮ ਜਾਰੀ, 2 ਘਰ ਕੀਤੇ ਤਿਆਰ
ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਘਰਾਂ ਦੀ ਮੁੜ ਉਸਾਰੀ ਦਾ ਕੰਮ ਜਾਰੀ, 2 ਘਰ ਕੀਤੇ ਤਿਆਰ
Publish Date: Sun, 29 Mar 2026 03:36 PM (IST)
Updated Date: Sun, 29 Mar 2026 03:39 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨਾਲ ਨਿਸ਼ਕਾਮ ਸਿੱਖ ਵੈਲਫੇਅਰ ਕਾਊਂਸਲ ਨਵੀਂ ਦਿੱਲੀ ਅਤੇ ਮਿਸਲ ਸਤਲੁਜ ਵੱਲੋਂ ਘਰਾਂ ਦੀ ਮੁੜ ਉਸਾਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਸ ਸੰਬੰਧ ਵਿਚ ਦੋਵੇਂ ਸੰਸਥਾਵਾਂ ਦੀ ਸਾਂਝੀ ਟੀਮ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਅਗਲੇ ਪੜਾਅ ਦੀ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਨਿਸ਼ਕਾਮ ਸਿੱਖ ਵੈਲਫੇਅਰ ਕਾਊਂਸਲ ਵੱਲੋਂ ਨਰਿੰਦਰ ਸਿੰਘ (ਦਿੱਲੀ) ਅਤੇ ਹਰਵਿੰਦਰ ਸਿੰਘ (ਫਰੀਦਕੋਟ),ਮਿਸਲ ਸਤਲੁਜ ਵੱਲੋਂ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਰੋਮਨ ਬਰਾੜ,ਗੁਰਬੀਰ ਸਿੰਘ ਬੱਬੂ ਖੋਸਾ ਅਤੇ ਗੁਰਮਨ ਸਿੰਘ ਨਿਜਾਮਦੀਨ ਵਾਲਾ ਹਾਜਰ ਸਨ। ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਜ਼ੀਰਾ ਦੇ ਪਿੰਡ ਆਲੇਵਾਲਾ, ਫੱਤੇਵਾਲਾ ਅਤੇ ਕਾਲੇ ਕੇ ਹ ਹਿਠਾੜ ਵਿੱਚ ਕੁੱਲ 7 ਘਰਾਂ ਦੀ ਮੁੜ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ, ਇਨ੍ਹਾਂ ਵਿੱਚੋਂ 2 ਘਰਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ, ਜਦਕਿ ਬਾਕੀ ਘਰਾਂ ਦਾ ਕੰਮ ਵੀ ਤੇਜ਼ੀ ਨਾਲ ਅੰਤਿਮ ਪੜਾਅ ਵੱਲ ਵਧ ਰਿਹਾ ਹੈ। ਇਹ ਉਪਰਾਲਾ ਪ੍ਰਭਾਵਿਤ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਅਤੇ ਸੁਰੱਖਿਅਤ ਛੱਤ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ। ਇਸ ਦੌਰਾਨ ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਵੱਲੋਂ ਪ੍ਰਭਾਵਿਤ ਪਰਿਵਾਰਾਂ ਨਾਲ ਨਿੱਜੀ ਪੱਧਰ ਤੇ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਬਾਕੀ ਰਹਿੰਦੇ ਘਰਾਂ ਦੀ ਮੁੜ ਉਸਾਰੀ ਦਾ ਕੰਮ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ ।ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਚੱਲ ਰਹੇ ਇਸ ਉਪਰਾਲੇ ਦੀ ਸਥਾਨਕ ਲੋਕਾਂ ਵੱਲੋਂ ਸ਼ਲਾਘਾ ਕੀਤੀ ਗਈ ।