ਸ੍ਰੀ ਰਾਮ ਦੇ ਤੀਰ ਨਾਲ ਹੋਇਆ ਰਾਵਣ ਦਾ ਅੰਤ ਸ੍ਰੀ ਰਾਮ ਦੇ ਤੀਰ ਨਾਲ ਹੋਇਆ ਰਾਵਣ ਦਾ ਅੰਤ
Publish Date: Wed, 21 Oct 2026 03:50 PM (IST)
Updated Date: Wed, 21 Oct 2026 03:51 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸੱਚਾਈ, ਧਰਮ ਅਤੇ ਨੇਕੀ ਦੀ ਜਿੱਤ ਦਾ ਅਲੌਕਿਕ ਸੰਦੇਸ਼ ਦਿੰਦੀ ਸ੍ਰੀ ਰਾਮਲੀਲਾ ਉਸ ਵੇਲੇ ਭਗਤੀਮਈ ਰੰਗ ਵਿੱਚ ਰੰਗੀ ਗਈ, ਜਦੋਂ ਪ੍ਰਭੂ ਸ੍ਰੀ ਰਾਮ ਨੇ ਰਾਵਣ ਦਾ ਵਧ ਕੀਤਾ। ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਸਰਾਏ ਲਾਲਾ ਸਾਵਨ ਮੱਲ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ 18ਵੇਂ ਦਿਨ ਇਸ ਦ੍ਰਿਸ਼ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਜਿਵੇਂ ਹੀ ਪ੍ਰਭੂ ਸ੍ਰੀ ਰਾਮ ਦਾ ਤੀਰ ਰਾਵਣ ਦੀ ਧੁੰਨੀ ਵਿੱਚ ਲੱਗਿਆ, ਸਾਰਾ ਪੰਡਾਲ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਵਾਤਾਵਰਨ ਭਗਤੀਮਈ ਹੋ ਗਿਆ। ਸਮਾਗਮ ਦੌਰਾਨ ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਬੱਬਲੂ, ਚੇਅਰਮੈਨ ਗੁਰਪ੍ਰੀਤ ਸਿੰਘ ਨਾਮਦੇਵ, ਵਰਿੰਦਰ ਪਾਲ ਸਿੰਘ ਟਿੰਕੂ, ਮੋਦੀਖਾਨਾ ਇੰਚਾਰਜ ਦੀਪਕ ਸਿੰਘ ਵਿੱਜ, ਬਲਵਿੰਦਰ ਸਿੰਘ ਗਿੰਨੀ ਅਤੇ ਐਕਸਰੇ ਇੰਚਾਰਜ ਵਰਿੰਦਰ ਪਾਲ ਸਿੰਘ ਟਿੰਕੂ ਤੋਂ ਇਲਾਵਾ 13-13-13 ਲੰਗਰ ਕਮੇਟੀ ਦੇ ਪ੍ਰਧਾਨ ਸੰਜੀਵ ਨਾਰੰਗ ਅਤੇ ਲਾਭ ਚੰਦ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਾਮਾਇਣ ਜੀ ਦੀ ਪੰਡਿਤ ਭੁਪਿੰਦਰ ਸ਼ਰਮਾ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ। ਮੁੱਖ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਮੰਚਨ ਦੌਰਾਨ ਰਾਮ ਅਤੇ ਰਾਵਣ ਵਿਚਕਾਰ ਹੋਏ ਭਿਆਨਕ ਯੁੱਧ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਰਾਵਣ ਦੀ ਸੈਨਾ ਦੇ ਅੰਤ ਅਤੇ ਭਗਤ ਬਿਭੀਸ਼ਣ ਦੇ ਦੱਸਣ ’ਤੇ ਰਾਵਣ ਦੀ ਧੁੰਨੀ ਵਿੱਚ ਤੀਰ ਲੱਗਣ ਦਾ ਦ੍ਰਿਸ਼ ਬੇਹੱਦ ਪ੍ਰਭਾਵਸ਼ਾਲੀ ਰਿਹਾ। ਰਾਵਣ ਦੇ ਅੰਤ ਮਗਰੋਂ ਪ੍ਰਭੂ ਸ੍ਰੀ ਰਾਮ ਨੇ ਲਕਸ਼ਮਣ ਨੂੰ ਰਾਵਣ ਕੋਲੋਂ ਗਿਆਨ ਪ੍ਰਾਪਤ ਕਰਨ ਲਈ ਕਿਹਾ। ਰਾਵਣ ਨੇ ਆਪਣੇ ਅੰਤਿਮ ਸੰਵਾਦ ਵਿੱਚ ਭਰਾ ਵਿਭੀਸ਼ਣ ਦੇ ਸਾਥ ਅਤੇ ਲਕਸ਼ਮਣ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਭਰਾਵਾਂ ਦੇ ਰਿਸ਼ਤੇ ਦੀ ਮਹੱਤਤਾ ਦਰਸਾਈ। ਇਹ ਦ੍ਰਿਸ਼ ਦਰਸ਼ਕਾਂ ਨੂੰ ਸਿੱਖਿਆ ਦੇ ਗਿਆ ਕਿ ਹੰਕਾਰ ਦਾ ਅੰਤ ਅਤੇ ਧਰਮ ਦੀ ਜਿੱਤ ਨਿਸ਼ਚਿਤ ਹੈ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਸੰਗੀਤ ਨਿਰਦੇਸ਼ਕ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਹਨੁਮਾਨ ਦੀ ਰਾਮ ਸ਼ਰਮਾ, ਰਾਵਣ ਦੀ ਵਿਸ਼ਾਲ ਸ਼ਰਮਾ, ਅਹੀਰਾਵਣ ਦੀ ਮਾਸਟਰ ਰਾਮ, ਸੁਗਰੀਵ ਦੀ ਵੈਭਵ ਅਤੇ ਵਿਭੀਸ਼ਣ ਦੀ ਉੱਜਵਲ ਨੇ ਬਾਖੂਬੀ ਨਿਭਾਈ। ਇਸ ਮੌਕੇ ਜੋਗਿੰਦਰ ਪਾਲ ਕੋਰੀ, ਕ੍ਰਿਸ਼ਨ ਹਾਂਡਾ, ਕੁਲਭੂਸ਼ਨ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।