- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਲੀਲਾ: ਯੁੱਧ ’ਚ ਕੁੰਭਕਰਨ ਤੇ ਮੇਘਨਾਥ ਦਾ ਅੰਤ

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਦੇ ਸਰਾਏ ਲਾਲਾ ਸਾਵਨ ਮੱਲ ਵਿਖੇ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ ਕੋਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੇ 17ਵੇਂ ਦਿਨ ਕੁੰਭਕਰਨ ਅਤੇ ਮੇਘਨਾਥ ਦੇ ਵਧ ਦੇ ਪ੍ਰਸੰਗ ਦਾ ਭਾਵਪੂਰਤ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੀ ਦਮਦਾਰ ਅਦਾਕਾਰੀ ਰਾਹੀਂ ਧਰਮ ਦੀ ਜਿੱਤ, ਅਧਰਮ ਦੇ ਵਿਨਾਸ਼ ਅਤੇ ਪ੍ਰਭੂ ਦੀ ਮਹਿਮਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਉਪ ਪ੍ਰਧਾਨ ਰਣਜੀਤ ਬਜਾਜ, ਚੇਅਰਮੈਨ ਅਸ਼ੋਕ ਘੁਰਕੀ, ਕੈਸ਼ੀਅਰ ਲਾਡੀ ਕਟਾਰੀਆ ਅਤੇ ਸਕੱਤਰ ਸੰਜੀਵ ਘੀਕ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਵਿਪਨ ਸੇਠੀ, ਕਿਰਨ ਗੌੜ ਅਤੇ ਡਾ. ਪਾਰਸ ਆਰੀਆ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ।ਸਮਾਗਮ ਦੀ ਸ਼ੁਰੂਆਤ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਸ੍ਰੀ ਰਾਮਾਇਣ ਜੀ ਦੀ ਪੰਡਿਤ ਭੁਪਿੰਦਰ ਸ਼ਰਮਾ ਵੱਲੋਂ ਵਿਧੀਵਤ ਪੂਜਾ-ਅਰਚਨਾ ਨਾਲ ਹੋਈ। ਮੁੱਖ ਮਹਿਮਾਨਾਂ ਨੇ ਆਰਤੀ ਕਰਕੇ ਪ੍ਰਭੂ ਸ੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਉਪਰੰਤ ਮੰਚ ’ਤੇ ਲੰਕਾਪਤੀ ਰਾਵਣ ਦੇ ਅਹੰਕਾਰ ਅਤੇ ਪ੍ਰਭੂ ਸ੍ਰੀ ਰਾਮ ਦੀ ਮਰਿਆਦਾ ਵਿਚਕਾਰ ਧਰਮਯੁੱਧ ਦੇ ਦ੍ਰਿਸ਼ ਸਾਕਾਰ ਕੀਤੇ ਗਏ। ਮੰਚਨ ਦੌਰਾਨ ਦਿਖਾਇਆ ਗਿਆ ਕਿ ਰਾਵਣ ਕੁੰਭਕਰਨ ਨੂੰ ਨੀਂਦ ਤੋਂ ਜਗਾ ਕੇ ਯੁੱਧ ਦੀ ਸਥਿਤੀ ਤੋਂ ਜਾਣੂ ਕਰਵਾਉਂਦਾ ਹੈ। ਕੁੰਭਕਰਨ ਸ੍ਰੀ ਰਾਮ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਅਤੇ ਮਾਤਾ ਸੀਤਾ ਨੂੰ ਜਗਦੰਬਾ ਦਾ ਸਰੂਪ ਦੱਸਦਿਆਂ ਰਾਵਣ ਨੂੰ ਉਸ ਦੀ ਭੁੱਲ ਦਾ ਅਹਿਸਾਸ ਕਰਵਾਉਂਦਾ ਹੈ। ਰਾਵਣ ਦੇ ਕ੍ਰੋਧਿਤ ਹੋਣ ’ਤੇ ਕੁੰਭਕਰਨ ਪ੍ਰਭੂ ਸ੍ਰੀ ਰਾਮ ਦੇ ਹੱਥੋਂ ਮੁਕਤੀ ਪ੍ਰਾਪਤ ਕਰਨ ਦੀ ਭਾਵਨਾ ਨਾਲ ਯੁੱਧ ਵਿੱਚ ਉਤਰਦਾ ਹੈ, ਜਿੱਥੇ ਭਿਆਨਕ ਮੁਕਾਬਲੇ ਮਗਰੋਂ ਉਸ ਦਾ ਅੰਤ ਹੋ ਜਾਂਦਾ ਹੈ। ਇਸ ਤੋਂ ਬਾਅਦ ਮੇਘਨਾਥ ਯੁੱਧ ਲਈ ਆਉਂਦਾ ਹੈ। ਲਕਸ਼ਮਣ ਵੱਲੋਂ ਵਾਨਰ ਸੈਨਾ ਦੀ ਸਹਾਇਤਾ ਨਾਲ ਨਿਕੁੰਭਲਾ ਦੇਵੀ ਦੇ ਯੱਗ ਵਿੱਚ ਵਿਘਨ ਪਾਉਣ ਮਗਰੋਂ ਦੋਵਾਂ ਵਿਚਕਾਰ ਘਮਸਾਣ ਦਾ ਯੁੱਧ ਹੁੰਦਾ ਹੈ, ਜਿਸ ਦੇ ਅੰਤ ਵਿੱਚ ਲਕਸ਼ਮਣ ਮੇਘਨਾਥ ਦਾ ਵਧ ਕਰ ਦਿੰਦੇ ਹਨ। ਡਾਇਰੈਕਟਰ ਕ੍ਰਿਸ਼ਨ ਹਾਂਡਾ ਅਤੇ ਮਿਊਜ਼ਿਕ ਡਾਇਰੈਕਟਰ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸ੍ਰੀ ਰਾਮ ਦੀ ਭੂਮਿਕਾ ਅਰੁਣ ਵਰਮਾ, ਲਕਸ਼ਮਣ ਦੀ ਚਰਨਜੀਤ ਸ਼ਰਮਾ, ਕੁੰਭਕਰਨ ਦੀ ਰੋਹਿਤ, ਹਨੂਮਾਨ ਦੀ ਰਾਮ ਸ਼ਰਮਾ, ਰਾਵਣ ਦੀ ਵਿਸ਼ਾਲ, ਮੇਘਨਾਥ ਦੀ ਦਮਨ ਸ਼ਰਮਾ, ਮਕਰਧਵੱਜ ਦੀ ਸ਼ੁਭਮ ਚੌਹਾਨ, ਅਹੀਰਾਵਣ ਦੀ ਮਾਸਟਰ ਰਾਮ, ਸੁਗਰੀਵ ਦੀ ਵੈਭਵ ਅਤੇ ਵਿਭੀਸ਼ਣ ਦੀ ਉਜਵਲ ਨੇ ਬਾਖੂਬੀ ਨਿਭਾਈ। ਇਸ ਮੌਕੇ ਜੋਗਿੰਦਰ ਪਾਲ ਕੋਰੀ, ਕ੍ਰਿਸ਼ਨ ਹਾਂਡਾ, ਕੁਲਭੂਸ਼ਨ ਸ਼ਰਮਾ, ਸੁਭਾਸ਼ ਗੁਪਤਾ, ਮੋਹਨ ਲਾਲ ਅਨੇਜਾ, ਵਿਜੇ ਪ੍ਰਜਾਪਤੀ, ਵਿਜੇ ਸ਼ਰਮਾ, ਅਸ਼ੋਕ ਬਾਰੀਆ, ਧਰਮਿੰਦਰ ਕੋਰੀ, ਤਾਰਾ ਚੰਦ, ਧਰਮਿੰਦਰ ਸਚਦੇਵਾ, ਅਭਿਸ਼ੇਕ, ਮੰਨਤ ਜੈਨ ਅਤੇ ਡਾ. ਟਿੰਕੂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।