ਰਮਿੰਦਰ ਸਿੰਘ ਆਵਲਾ ਨੇ ਗੁਰੂਹਰਸਹਾਏ ਦੇ ਵਿਕਾਸ ਲਈ ਦਿੱਤਾ 1 ਕਰੋੜ ਰੁਪਏ ਦਾ ਚੈੱਕ ਰਮਿੰਦਰ ਸਿੰਘ ਆਵਲਾ ਨੇ ਮੁੜ ਦਿਖਾਈ ਜ਼ਿੰਦਾਦਿਲੀ
Publish Date: Fri, 16 Oct 2026 05:40 PM (IST)
Updated Date: Fri, 16 Oct 2026 05:42 PM (IST)
ਵਧਾਵਨ/ਮੋਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਨਗਰ ਕੌਂਸਲ ਦੀ ਨਵੀਂ ਪ੍ਰਧਾਨ ਸੁਸ਼ਮਾ ਰਾਣੀ ਦੀ ਤਾਜਪੋਸ਼ੀ ਸਮਾਰੋਹ ਦੌਰਾਨ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਇੱਕ ਵਾਰ ਫਿਰ ਆਪਣੀ ਦਰਿਆਦਿਲੀ ਦਾ ਸਬੂਤ ਦਿੱਤਾ। ਉਨ੍ਹਾਂ ਨੇ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਅਤੇ ਕੌਂਸਲਰਾਂ ਦੀ ਮੰਗ ਤੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਆਪਣੀ ਤਰਫ਼ੋਂ 1 ਕਰੋੜ ਰੁਪਏ ਪਹਿਲਾ ਕਿਸ਼ਤ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਆਵਲਾ ਪਰਿਵਾਰ ਹਮੇਸ਼ਾ ਗੁਰੂਹਰਸਹਾਏ ਦੀ ਜਨਤਾ ਦਾ ਕਰਜ਼ਦਾਰ ਰਹੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਵਿੱਚ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ 15 ’ਚੋਂ 13 ਸੀਟਾਂ ’ਤੇ ਜਿੱਤ ਹਾਸਲ ਕਰਕੇ ਨਗਰ ਕੌਂਸਲ ’ਤੇ ਆਪਣਾ ਕਬਜ਼ਾ ਬਣਾਇਆ ਸੀ। ਇਸ ਤੋਂ ਬਾਅਦ ਵਾਰਡ ਨੰਬਰ 11 ਤੋਂ ਜਿੱਤ ਹਾਸਲ ਕਰਨ ਵਾਲੀ ਮਹਿਲਾ ਕੌਂਸਲਰ ਸੁਸ਼ਮਾ ਰਾਣੀ ਨੂੰ ਨਗਰ ਕੌਂਸਲ ਦਾ ਪ੍ਰਧਾਨ, ਗੁਰਮੀਤ ਕੌਰ ਮੀਤ ਪ੍ਰਧਾਨ, ਸੋਨੂੰ ਮਾਸਟਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਅੱਜ ਉਨ੍ਹਾਂ ਦੀ ਤਾਜਪੋਸ਼ੀ ਦੇ ਸਮਾਗਮ ਵਿੱਚ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਪਿਤਾ ਦੇ ਸੁਪਨੇ ਨੂੰ ਅੱਗੇ ਵਧਾਉਣ ਦਾ ਸੰਕਲਪ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਡਾ. ਹਰਭਜਨ ਸਿੰਘ ਆਵਲਾ ਦਾ ਸੁਪਨਾ ਸੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਗੁਰੂਹਰਸਹਾਏ ਦੀ ਜਨਤਾ ਦੀ ਸੇਵਾ ਕੀਤੀ, ਉਸੇ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਵੀ ਲੋਕਾਂ ਦੀ ਸੇਵਾ ਕਰਦਾ ਰਹੇ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਗੁਰੂਹਰਸਹਾਏ ਦੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤਾ ਜਾਵੇ। ਸ਼ਹਿਰ ਦੀਆਂ ਬਸਤੀਆਂ ਦੀਆਂ ਸਮੱਸਿਆਵਾਂ ਜਲਦ ਹੱਲ ਕਰਨ ਦੀ ਅਪੀਲ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਅਤੇ ਕੌਂਸਲਰਾਂ ਨੂੰ ਰਮਿੰਦਰ ਸਿੰਘ ਆਵਲਾ ਨੇ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਦੀਆਂ ਕਈ ਬਸਤੀਆਂ ਵਿੱਚ ਗੰਦਗੀ, ਸੀਵਰੇਜ ਦੇ ਗੰਦੇ ਪਾਣੀ ਦੇ ਖੜ੍ਹੇ ਰਹਿਣ, ਟੁੱਟੀਆਂ ਸੜਕਾਂ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ, ਸ਼ਹਿਰ ਵਿੱਚ ਸਟਰੀਟ ਲਾਈਟਾਂ ਵਰਗੇ ਮੁੱਦਿਆਂ ਦਾ ਜਲਦ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂਹਰਸਹਾਏ ਦੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਨ, ਬਿਹਤਰ ਸੜਕਾਂ, ਸੀਵਰੇਜ ਅਤੇ ਪੀਣ ਵਾਲੇ ਸਾਫ਼ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਭ ਤੋਂ ਅਹਿਮ ਹੈ। ਇਸ ਮੌਕੇ ਪ੍ਰਧਾਨ ਸੁਸ਼ਮਾ ਰਾਣੀ ਦੇ ਬੇਟੇ ਬੰਟੀ ਭਾਠੇਜਾ ਵੱਲੋਂ ਅਵਲਾ ਪਰਿਵਾਰ ਅਤੇ ਪੁੱਜੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ! ਕੌਂਸਲਰਾਂ ਤੋਂ ਇਲਾਵਾ ਸਮਾਜ ਸੇਵੀਆਂ ਅਤੇ ਸ਼ਹਿਰ ਦੀਆਂ ਸ਼ਖਸ਼ੀਅਤਾਂ ਵਿੱਚ ਸਤਵਿੰਦਰ ਭੰਡਾਰੀ, ਰਵੀ ਸ਼ਰਮਾ, ਡਾਕਟਰ ਪਰਵੀਨ ਗੁਪਤਾ, ਜੋਨੀ ਆਵਲਾ, ਰਕੇਸ਼ ਬੱਗੀ, ਪਿਆਰੇ ਲਾਲ ਧਵਨ, ਡਾਕਟਰ ਜੀ ਐਸ ਧਵਨ, ਰਾਜਾ ਵੋਹਰਾ, ਕੇਵਲ ਕ੍ਰਿਸ਼ਨ ਗਲਹੋਤਰਾ, ਰੰਮੀ ਭੱਠੇਜਾ, ਬੰਟੀ ਮਾਨਕਟਾਲਾ ਵੀ ਹਾਜਰ ਸਨ।