ਰਜਿੰਦਰ ਕੁਮਾਰ ਨੇ ਨਵੇਂ ਸਕੱਤਰ ਵਜੋਂ ਸੰਭਾਲਿਆ ਅਹੁਦਾ ਰਜਿੰਦਰ ਕੁਮਾਰ ਨੇ ਮਾਰਕੀਟ ਕਮੇਟੀ ਮਮਦੋਟ ਦੇ ਨਵੇਂ ਸਕੱਤਰ ਵਜੋਂ ਸੰਭਾਲਿਆ ਅਹੁਦਾ
Publish Date: Thu, 01 Oct 2026 06:26 PM (IST)
Updated Date: Fri, 02 Oct 2026 04:05 AM (IST)
ਚੇਅਰਮੈਨ ਬਲਰਾਜ ਸਿੰਘ ਸੰਧੂ ਵੱਲੋਂ ਨਵੇਂ ਸਕੱਤਰ ਦਾ ਸਵਾਗਤ ਕਿਸਾਨਾਂ ਤੇ ਆੜ੍ਹਤੀਆਂ ਦੀ ਭਲਾਈ ਲਈ ਕੰਮ ਕਰਨ ਦਾ ਵਚਨ ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਪੰਜਾਬ ਮੰਡੀ ਬੋਰਡ ਦੇ ਹੁਕਮਾਂ ਅਨੁਸਾਰ ਰਜਿੰਦਰ ਕੁਮਾਰ ਨੇ ਮਾਰਕੀਟ ਕਮੇਟੀ ਮਮਦੋਟ ਦੇ ਨਵੇਂ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਰਕੀਟ ਕਮੇਟੀ ਮਮਦੋਟ ਦੇ ਸਕੱਤਰ ਮਨਦੀਪ ਰਹੇਜਾ ਦੀ ਮਮਦੋਟ ਤੋਂ ਪੰਜੇ ਕੇ ਉਤਾੜ ਵਿਖੇ ਬਦਲੀ ਹੋ ਗਈ ਸੀ, ਜਿਸ ਤੋਂ ਬਾਅਦ ਰਜਿੰਦਰ ਕੁਮਾਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਅਹੁਦਾ ਸੰਭਾਲਣ ਦੇ ਸ਼ੁਭ ਅਵਸਰ ਤੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਨੇ ਨਵੇਂ ਸਕੱਤਰ ਰਜਿੰਦਰ ਕੁਮਾਰ ਨੂੰ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ ਅਤੇ ਨਵੀਂ ਜ਼ਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆਂ ਨਵ-ਨਿਯੁਕਤ ਸਕੱਤਰ ਰਜਿੰਦਰ ਕੁਮਾਰ ਨੇ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਭਲਾਈ ਲਈ ਉਹ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਆਗਾਮੀ ਖ਼ਰੀਦ ਸੀਜ਼ਨ ਦੌਰਾਨ ਮੰਡੀ ਵਿੱਚ ਲੋੜੀਂਦੇ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਦਾ ਵੀ ਵਿਸ਼ਵਾਸ ਦਿਵਾਇਆ। ਇਸ ਅਹਿਮ ਮੌਕੇ ਤੇ ਮੰਡੀ ਸੁਪਰਵਾਈਜ਼ਰ ਸੰਦੀਪ ਕੁਮਾਰ, ਟੈਲੀ ਆਪਰੇਟਰ ਸੰਜੇ ਗੁਪਤਾ, ਪੂਰਨ ਸਿੰਘ, ਨਵਦੀਪ ਕੁਮਾਰ, ਅੰਗਰੇਜ਼ ਸਿੰਘ, ਕੁਲਦੀਪ ਸਿੰਘ ਸਮੇਤ ਮਾਰਕੀਟ ਕਮੇਟੀ ਮਮਦੋਟ ਦਾ ਸਮੁੱਚਾ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।