ਪੱਛਮ ਸੁਪਰਫਾਸਟ ਐੱਕਸਪ੍ਰੈੱਸ ’ਚ ਮਿਲਿਆ ਬੱਚਾ ਰੇਲਵੇ ਸਟਾਫ਼ ਨੇ ਆਰਪੀਐੱਫ ਨੂੰ ਸੌਂਪਿਆ
ਪੱਛਮ ਸੁਪਰਫਾਸਟ ਐਕਸਪ੍ਰੈਸ ਵਿਚ ਮਿਲੇ ਲਾਵਾਰਿਸ ਬੱਚੇ ਨੂੰ ਰੇਲਵੇ ਸਟਾਫ਼ ਨੇ ਸੁਰੱਖਿਅਤ ਆਰਪੀਐੱਫ ਤੱਕ ਪਹੁੰਚਾਇਆ
Publish Date: Sun, 29 Mar 2026 06:09 PM (IST)
Updated Date: Sun, 29 Mar 2026 06:11 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਸਟਾਫ਼ ਦੀ ਮੁਸਤੈਦੀ ਅਤੇ ਮਨੁੱਖੀ ਸੰਵੇਦਨਾ ਦੀ ਇਕ ਮਿਸਾਲੀ ਉਦਾਹਰਣ ਸਾਹਮਣੇ ਆਈ ਹੈ, ਜਦੋਂ ਪੱਛਮ ਸੁਪਰਫਾਸਟ ਐਕਸਪ੍ਰੈਸ ਵਿਚ ਰਸਤਾ ਭਟਕ ਗਏ ਇਕ 13 ਸਾਲਾ ਬਾਲਕ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅੱਜ 29 ਮਾਰਚ ਨੂੰ ਰੇਲ ਗੱਡੀ ਨੰਬਰ 12925 ਪੱਛਮ ਐਕਸਪ੍ਰੈਸ ਦੇ ਕੋਚ ਨੰਬਰ ਐੱਸ-2 ਵਿਚ ਟਿਕਟ ਚੈਕਿੰਗ ਦੌਰਾਨ ਮੁਸਾਫਰਾਂ ਨੇ ਇਕ ਇਕੱਲੇ ਬੈਠੇ ਬੱਚੇ ਬਾਰੇ ਟਿਕਟ ਚੈਕਿੰਗ ਸਟਾਫ਼ ਸ਼ਿਆਮ ਸੁੰਦਰ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਸ਼ਿਆਮ ਸੁੰਦਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੇ ਨੂੰ ਆਪਣੀ ਸੁਰੱਖਿਆ ਵਿਚ ਲੈ ਲਿਆ। ਜਦੋਂ ਬੱਚੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਦੀ ਉਮਰ ਲਗਭਗ 13 ਸਾਲ ਹੈ ਅਤੇ ਉਸ ਕੋਲ ਕੋਈ ਟਿਕਟ ਨਹੀਂ ਸੀ। ਬੱਚੇ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਸਫਰ ਕਰ ਰਿਹਾ ਸੀ, ਪਰ ਭੀੜ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਉਸ ਤੋਂ ਵਿਛੜ ਗਿਆ। ਬੱਚੇ ਨੇ ਇਹ ਵੀ ਦੱਸਿਆ ਕਿ ਉਸ ਨੇ ਪਾਣੀਪਤ ਰੇਲਵੇ ਸਟੇਸ਼ਨ ’ਤੇ ਉਤਰਨਾ ਸੀ। ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਟਿਕਟ ਚੈਕਿੰਗ ਸਟਾਫ਼ ਨੇ ਬਿਨ੍ਹਾ ਦੇਰੀ ਕੀਤੇ ਬੱਚੇ ਨੂੰ ਕਰਨਾਲ ਰੇਲਵੇ ਸਟੇਸ਼ਨ ’ਤੇ ਉਤਾਰਿਆ। ਉੱਥੇ ਉਨ੍ਹਾਂ ਨੇ ਬੱਚੇ ਨੂੰ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਏਐੱਸਆਈ ਰਾਜੇਸ਼ ਕੁਮਾਰ ਅਤੇ ਕਾਂਸਟੇਬਲ ਰਾਕੇਸ਼ ਕੁਮਾਰ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਸ ਨੂੰ ਸੁਰੱਖਿਅਤ ਉਸ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ। ਇਸ ਸਬੰਧੀ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹੁਤ ਹੀ ਜ਼ਿੰਮੇਵਾਰੀ ਅਤੇ ਚੌਕਸੀ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਰੇਲਵੇ ਦੇ ਅਕਸ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਉੱਚਾ ਚੁੱਕਦੇ ਹਨ ਅਤੇ ਇਹ ਹੋਰਨਾਂ ਰੇਲ ਕਰਮਚਾਰੀਆਂ ਲਈ ਵੀ ਇਕ ਪ੍ਰੇਰਨਾਦਾਇਕ ਮਿਸਾਲ ਹੈ। ਰੇਲਵੇ ਪ੍ਰਸ਼ਾਸਨ ਹੁਣ ਬੱਚੇ ਦੇ ਪਰਿਵਾਰ ਨਾਲ ਸੰਪਰਕ ਕਰ ਰਿਹਾ ਹੈ ਤਾਂ ਜੋ ਉਸ ਨੂੰ ਜਲਦ ਤੋਂ ਜਲਦ ਸੁਰੱਖਿਅਤ ਘਰ ਭੇਜਿਆ ਜਾ ਸਕੇ।