- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਪੁਲਿਸ ਨੇ ਫਿਰੋਜ਼ਪੁਰ ਕੈਂਟ ਸਟੇਸ਼ਨ ਤੋਂ ਮੋਬਾਇਲ ਚੋਰ ਚੋਰੀ ਦੇ 3 ਫ਼ੋਨਾਂ ਸਮੇਤ ਕਾਬੂ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਪੰਜਾਬ ਰੇਲਵੇ ਪੁਲਿਸ ਨੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਇਕ ਸ਼ਾਤਰ ਮੋਬਾਇਲ ਚੋਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਚੋਰੀ ਕੀਤੇ ਹੋਏ 3 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਹਨ। ਜੀਆਰਪੀ ਥਾਣੇ ਵੱਲੋਂ ਮੁਲਜ਼ਮ ਖ਼ਿਲਾਫ਼ ਨਵੇਂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੇਲ ਗੱਡੀਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ, ਡੀਜੀਪੀ ਰੇਲਵੇ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐੱਸਪੀ ਜ਼ੋਨ ਫਿਰੋਜ਼ਪੁਰ ਦੀ ਯੋਗ ਨਿਗਰਾਨੀ ਹੇਠ ਜੀਆਰਪੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਚੈਕਿੰਗ ਦੌਰਾਨ ਇਕ ਚੋਰ ਨੂੰ ਦਬੋਚ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਥਾਣਾ ਜੀਆਰਪੀ ਫਿਰੋਜ਼ਪੁਰ ਦੇ ਐੱਲਆਰ/ਏਐੱਸਆਈ ਸੰਜੀਵ ਕੁਮਾਰ ਅਤੇ ਐੱਲਆਰ/ਏਐੱਸਆਈ ਵਧਾਵਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਸ਼ੱਕੀ ਪੁਰਸ਼ਾਂ ਅਤੇ ਵਸਤੂਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਮੁਖ਼ਬਰ ਖ਼ਾਸ ਕੋਲੋਂ ਇਤਲਾਹ ਮਿਲੀ ਕਿ ਰੇਲ ਗੱਡੀਆਂ ਵਿਚ ਮੁਸਾਫ਼ਰਾਂ ਦੇ ਕੀਮਤੀ ਮੋਬਾਇਲ ਫ਼ੋਨ ਚੋਰੀ ਕਰਨ ਵਾਲਾ ਇਕ ਸ਼ਾਤਰ ਚੋਰ ਸਟੇਸ਼ਨ ਦੇ ਆਲੇ-ਦੁਆਲੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹੈ। ਪੁਲਿਸ ਪਾਰਟੀ ਨੇ ਸ਼ੱਕੀ ਨੌਜਵਾਨ ਨੂੰ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮ ਦੀ ਪਛਾਣ ਅੰਸ਼ਦੀਪ ਉਰਫ਼ ਅੰਸ਼ੂ ਪੁੱਤਰ ਚੀਨਾ ਵਾਸੀ ਮਤੋੜਾ ਵਾਲਾ ਵਿਹੜਾ ਨੇੜੇ ਪੀਰਾਂ ਵਾਲੀ ਮੰਡੀ, ਥਾਣਾ ਸਿਟੀ ਮੋਗਾ ਵਜੋਂ ਹੋਈ ਹੈ। ਪੁਲਿਸ ਵੱਲੋਂ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 3 ਵੱਖ-ਵੱਖ ਮੋਬਾਇਲ ਫ਼ੋਨ ਬਰਾਮਦ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੀ.ਆਰ.ਪੀ. ਫਿਰੋਜ਼ਪੁਰ ਦੇ ਮੁੱਖ ਅਫ਼ਸਰ ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਥਾਣਾ ਜੀਆਰਪੀ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 15 ਮਿਤੀ 15 ਜੁਲਾਈ 2026 ਨੂੰ 2023 ਦੀ ਧਾਰਾ 303 (2) ਅਤੇ 317(2) ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਹ ਫ਼ੋਨ ਕਿੱਥੇ ਵੇਚਦਾ ਸੀ ਅਤੇ ਰੇਲਵੇ ਸਟੇਸ਼ਨਾਂ ’ਤੇ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹਨ। ਪੁਲਿਸ ਨੂੰ ਉਮੀਦ ਹੈ ਕਿ ਤਫ਼ਤੀਸ਼ ਦੌਰਾਨ ਚੋਰੀ ਦੀਆਂ ਹੋਰ ਵੀ ਕਈ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।