ਰੇਲਵੇ ਯਾਤਰੀਆਂ ਲਈ ਵਰਦਾਨ ਸਾਬਤ ਹੋ ਰਹੀ ‘ਰੇਲਵਨ’ ਐਪ
ਰੇਲਵੇ ਯਾਤਰੀਆਂ ਲਈ ਵਰਦਾਨ ਸਾਬਤ ਹੋ ਰਹੀ ‘ਰੇਲਵਨ’ ਐਪ
Publish Date: Wed, 25 Mar 2026 04:47 PM (IST)
Updated Date: Wed, 25 Mar 2026 04:50 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਵਿਕਸਿਤ ਕੀਤੀ ਗਈ ‘ਰੇਲਵਨ ਐਪ’ ਅੱਜ ਦੇ ਡਿਜੀਟਲ ਯੁੱਗ ਵਿਚ ਇਕ ਸਮਾਰਟ ਯਾਤਰਾ ਸਾਥੀ ਵਜੋਂ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਹੈ। ਇਹ ਐਪ ਨਾ ਸਿਰਫ਼ ਟਿਕਟ ਬੁਕਿੰਗ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਂਦੀ ਹੈ, ਸਗੋਂ ਯਾਤਰਾ ਨਾਲ ਜੁੜੀਆਂ ਤਮਾਮ ਸੇਵਾਵਾਂ ਨੂੰ ਇੱਕੋ ਪਲੇਟਫਾਰਮ ’ਤੇ ਮੁਹੱਈਆ ਕਰਵਾਉਂਦੀ ਹੈ। ਯਾਤਰੀ ਆਪਣੇ ਮੋਬਾਈਲ ਰਾਹੀਂ ਆਰਜ਼ੀ ਅਤੇ ਗੈਰ-ਆਰਜ਼ੀਦੋਵੇਂ ਤਰ੍ਹਾਂ ਦੀਆਂ ਟਿਕਟਾਂ ਆਸਾਨੀ ਨਾਲ ਬੁੱਕ ਕਰ ਸਕਦੇ ਹਨ। ਟਰੇਨ ਪੁੱਛਗਿੱਛ ਪੀ.ਐੱਨ.ਆਰ ਸਟੇਟਸ, ਲਾਈਵ ਟਰੇਨ ਰਨਿੰਗ ਸਟੇਟਸ, ਪਲੇਟਫਾਰਮ ਦੀ ਜਾਣਕਾਰੀ ਅਤੇ ‘ਰੇਲ ਮੱਦਦ’ ਵਰਗੀਆਂ ਸੇਵਾਵਾਂ ਇੱਕੋ ਥਾਂ ਉਪਲਬੱਧ ਹਨ। ਯਾਤਰੀਆਂ ਨੂੰ ਵੱਖ-ਵੱਖ ਸੇਵਾਵਾਂ ਲਈ ਵਾਰ-ਵਾਰ ਲੌਗਇਨ ਕਰਨ ਦੀ ਲੋੜ ਨਹੀਂ ਪਵੇਗੀ। ਇਸ ਐਪ ਵਿਚ ਯਾਤਰੀਆਂ ਦੇ ਡੇਟਾ ਦੀ ਨਿਜਤਾ ਅਤੇ ਸੁਰੱਖਿਆ ਲਈ ਉੱਨਤ ਤਕਨੀਕਾਂ ਦੀ ਵਰਤੋਂ ਕੀਤੀ ਗਈ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਚੱਲਦੀਆਂ ਟਰੇਨਾਂ ਵਿਚ ਯਾਤਰੀਆਂ ਨੂੰ ‘ਰੇਲਵਨ’ ਐਪ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਐਪ ਯਾਤਰੀਆਂ ਨੂੰ ਤੇਜ਼ ਅਤੇ ਮੁਸ਼ਕਲ ਰਹਿਤ ਬੁਕਿੰਗ ਅਨੁਭਵ ਪ੍ਰਦਾਨ ਕਰਦੀ ਹੈ। ਯਾਤਰੀਆਂ ਨੇ ਵੀ ਰੇਲਵੇ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ ਹੈ। ਯਾਤਰੀਆਂ ਦਾ ਮੰਨਣਾ ਹੈ ਕਿ ਇਸ ਐਪ ਰਾਹੀਂ ਯਾਤਰਾ ਦੀ ਯੋਜਨਾ ਬਣਾਉਣਾ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਅਤੇ ਸੁਵਿਧਾਜਨਕ ਹੋ ਗਿਆ ਹੈ।