ਫਿਰੋਜ਼ਪੁਰ ਮੰਡਲ ਦੇ 24 ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਸਮਾਗਮ ਫਿਰੋਜ਼ਪੁਰ ਮੰਡਲ ਦੇ 24 ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਸਮਾਗਮ ਦਾ ਆਯੋਜਨ, ਯਾਤਰੀਆਂ ਅਤੇ ਯੂਥ ਨਾਲ ਕੀਤਾ ਗਿਆ ਸਿੱਧਾ ਰਾਬਤਾ
Publish Date: Thu, 22 Oct 2026 05:09 PM (IST)
Updated Date: Fri, 23 Oct 2026 04:01 AM (IST)
ਯਾਤਰੀਆਂ ਤੇ ਯੂਥ ਨਾਲ ਕੀਤਾ ਗਿਆ ਸਿੱਧਾ ਰਾਬਤਾ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੇਲਵੇ ਬੋਰਡ ਦੇ ਨਿਰਦੇਸ਼ਾਂ ਅਨੁਸਾਰ ‘ਵਿਸ਼ੇਸ਼ ਅਭਿਆਨ 6.0’ ਦੇ ਤਹਿਤ ਫਿਰੋਜ਼ਪੁਰ ਮੰਡਲ ਦੇ ਪ੍ਰਮੁੱਖ ਅਤੇ ਛੋਟੇ ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ 22 ਅਕਤੂਬਰ 2026 ਨੂੰ ਅੰਮ੍ਰਿਤਸਰ, ਜਲੰਧਰ ਸਿਟੀ, ਜਲੰਧਰ ਕੈਂਟ, ਲੁਧਿਆਣਾ, ਫਿਰੋਜ਼ਪੁਰ ਕੈਂਟ, ਬਿਆਸ, ਫਗਵਾੜਾ, ਢੰਡਾਰੀ ਕਲਾਂ ਅਤੇ ਫਿਲੌਰ ਸਮੇਤ ਫਿਰੋਜ਼ਪੁਰ ਮੰਡਲ ਦੇ ਕੁੱਲ 24 ਰੇਲਵੇ ਸਟੇਸ਼ਨਾਂ ’ਤੇ ‘ਰੇਲ ਜਨ ਸੰਵਾਦ’ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨੇ ਯਾਤਰੀਆਂ, ਨੌਜਵਾਨਾਂ ਅਤੇ ਹੋਰ ਭਾਈਵਾਲਾਂ ਨਾਲ ਸਿੱਧਾ ਗੱਲਬਾਤ ਕੀਤੀ ਅਤੇ ਰੇਲ ਸੇਵਾਵਾਂ, ਯਾਤਰੀ ਸੁਵਿਧਾਵਾਂ, ਸਫਾਈ ਆਦਿ ਵਿਸ਼ਿਆਂ ’ਤੇ ਉਨ੍ਹਾਂ ਦੇ ਸੁਝਾਅ ਅਤੇ ਪ੍ਰਤੀਕਿਰਿਆਵਾਂ ਸੁਣੀਆਂ। ਪ੍ਰਾਪਤ ਸੁਝਾਵਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਦੇ ਨਾਲ ਹੀ, ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ ‘ਰੇਲ ਜਨ ਯੁਵਾ ਸੰਵਾਦ’ ਵੀ ਕੀਤਾ ਗਿਆ, ਤਾਂ ਜੋ ਰੇਲ ਸੇਵਾਵਾਂ ਨੂੰ ਬਿਹਤਰ ਬਣਾਉਣ ਵਿਚ ਨੌਜਵਾਨ ਆਪਣੇ ਵਿਚਾਰ ਸਾਂਝੇ ਕਰ ਸਕਣ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਮੁਹਿੰਮ ਦੀ ਅਗਵਾਈ ਕਰਦਿਆਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ’ਤੇ ਅਤੇ ਵਧੀਕ ਮੰਡਲ ਰੇਲ ਪ੍ਰਬੰਧਕ ਨਿਤਿਨ ਗਰਗ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਅਤੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕੀਤਾ। ਰੇਲ ਯਾਤਰੀਆਂ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਯਾਤਰੀ ਸੁਵਿਧਾਵਾਂ ਤੇ ਸਫਾਈ ਲਈ ਰੇਲਵੇ ਵੱਲੋਂ ਚੁੱਕੇ ਗਏ ਕਦਮਾਂ ’ਤੇ ਸੰਤੁਸ਼ਟੀ ਪ੍ਰਗਟਾਈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ‘ਰੇਲ ਜਨ ਸੰਵਾਦ’ ਰਾਹੀਂ ਯਾਤਰੀਆਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਰਿਹਾ ਹੈ। ਯਾਤਰੀਆਂ ਦੀ ਸਰਗਰਮ ਭਾਗੀਦਾਰੀ ਅਤੇ ਉਨ੍ਹਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ ’ਤੇ ਰੇਲ ਸੇਵਾਵਾਂ ਨੂੰ ਹੋਰ ਵਧੇਰੇ ਸੁਵਿਧਾਜਨਕ ਅਤੇ ਯਾਤਰੀ-ਅਨੁਕੂਲ ਬਣਾਇਆ ਜਾਵੇਗਾ।