ਪੰਜਾਬ ਦੇ ਡੇਅਰੀ ਖੇਤਰ ਦੀ ਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਮਜ਼ਬੂਤ ਪੰਜਾਬ ਦੇ ਡੇਅਰੀ ਖੇਤਰ ਦੀ ਰਾਸ਼ਟਰੀ ਪੱਧਰ ’ਤੇ ਨੁਮਾਇੰਦਗੀ ਮਜ਼ਬੂਤ, ਗੁਰਭੇਜ ਸਿੰਘ ਟਿੱਬੀ ਬਣੇ ਆਈ.ਡੀ.ਏ. ਪੰਜਾਬ ਚੈਪਟਰ ਦੇ ਵਾਈਸ ਚੇਅਰਮੈਨ
Publish Date: Thu, 26 Nov 2026 03:46 PM (IST)
Updated Date: Fri, 27 Nov 2026 04:02 AM (IST)
ਗੁਰਭੇਜ ਸਿੰਘ ਟਿੱਬੀ ਬਣੇ ਆਈ.ਡੀ.ਏ. ਪੰਜਾਬ ਚੈਪਟਰ ਦੇ ਵਾਈਸ ਚੇਅਰਮੈਨ, ਮਿਲਕਫੈੱਡ ਦੇ ਸੀਨੀਅਰ ਜੀ.ਐੱਮ. ਸੰਜੀਵ ਕੁਮਾਰ ਸ਼ਰਮਾ ਵੀ ਕਾਰਜਕਾਰਨੀ ਮੈਂਬਰ ਚੁਣੇ ਗਏ, ਦੁੱਧ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ’ਤੇ ਜ਼ੋਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਇੰਡੀਅਨ ਡੇਅਰੀ ਐਸੋਸੀਏਸ਼ਨ (ਆਈ.ਡੀ.ਏ.) ਦੇ ਪੰਜਾਬ ਚੈਪਟਰ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਵਿਚ ਮਿਲਕਫੈੱਡ ਪੰਜਾਬ ਦੇ ਡਾਇਰੈਕਟਰ ਅਤੇ ਵੇਰਕਾ ਮਿਲਕ ਪਲਾਂਟ ਫ਼ਿਰੋਜ਼ਪੁਰ ਦੇ ਸਾਬਕਾ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ ਹੈ। ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਦੁੱਧ ਉਤਪਾਦਕ ਵਰਗ ਦੇ ਲਾਈਫ ਮੈਂਬਰ ਵਜੋਂ ਵਿਚਰ ਰਹੇ ਸ. ਟਿੱਬੀ ਦੀ ਇਸ ਨਿਯੁਕਤੀ ਨੂੰ ਪੰਜਾਬ ਦੇ ਸਹਿਕਾਰੀ ਡੇਅਰੀ ਅੰਦੋਲਨ ਅਤੇ ਦੁੱਧ ਉਤਪਾਦਕਾਂ ਲਈ ਅਹਿਮ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਇਸੇ ਚੋਣ ਵਿੱਚ ਮਿਲਕਫੈੱਡ ਪੰਜਾਬ ਦੇ ਸੀਨੀਅਰ ਜਨਰਲ ਮੈਨੇਜਰ ਇੰਜੀਨੀਅਰ ਸੰਜੀਵ ਕੁਮਾਰ ਸ਼ਰਮਾ ਨੂੰ ਪ੍ਰੋਫੈਸ਼ਨਲ ਅਤੇ ਪਲੈਨਰ ਸ਼੍ਰੇਣੀ ਵਿੱਚ ਕਾਰਜਕਾਰਨੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ, ਜਿਨ੍ਹਾਂ ਕੋਲ ਡੇਅਰੀ ਪਲਾਂਟਾਂ ਦੇ ਪ੍ਰੋਸੈਸਿੰਗ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਲੰਮਾ ਤਜਰਬਾ ਹੈ। ਵਾਈਸ ਚੇਅਰਮੈਨ ਚੁਣੇ ਜਾਣ ਉਪਰੰਤ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਉਹ ਪੰਜਾਬ ਦੇ ਲੱਖਾਂ ਦੁੱਧ ਉਤਪਾਦਕ ਕਿਸਾਨਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਹੱਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਨਾਲ ਹੋਣ ਵਾਲੇ ਸੰਭਾਵਿਤ ਵਪਾਰਕ ਸਮਝੌਤਿਆਂ ਦੇ ਸੰਦਰਭ ਵਿੱਚ ਭਾਰਤੀ ਡੇਅਰੀ ਉਦਯੋਗ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡੇਅਰੀ ਖੇਤਰ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਆਧਾਰ ਹੈ, ਇਸ ਲਈ ਕਿਸੇ ਵੀ ਨੀਤੀਗਤ ਜਾਂ ਵਪਾਰਕ ਫ਼ੈਸਲੇ ਸਮੇਂ ਕਿਸਾਨਾਂ ਦੀ ਆਮਦਨ, ਪਸ਼ੂ ਪਾਲਣ ਦੀ ਲਾਗਤ ਅਤੇ ਸਹਿਕਾਰੀ ਢਾਂਚੇ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਟਿੱਬੀ ਨੇ ਕਿਹਾ ਕਿ ਵੇਰਕਾ ਸਮੇਤ ਪੰਜਾਬ ਦਾ ਸਹਿਕਾਰੀ ਡੇਅਰੀ ਮਾਡਲ ਕਿਸਾਨਾਂ ਨੂੰ ਸੰਗਠਿਤ ਕਰਨ ਅਤੇ ਉਨ੍ਹਾਂ ਨੂੰ ਦੁੱਧ ਦਾ ਵਾਜਬ ਮੁੱਲ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਲਕਫੈੱਡ ਨਾਲ ਜੁੜੀਆਂ ਸ਼ਖ਼ਸੀਅਤਾਂ ਦੀ ਨੁਮਾਇੰਦਗੀ ਨਾਲ ਪੰਜਾਬ ਦੇ ਤਜਰਬੇ ਅਤੇ ਕਿਸਾਨ-ਕੇਂਦਰਿਤ ਸੋਚ ਨੂੰ ਰਾਸ਼ਟਰੀ ਪੱਧਰ ’ਤੇ ਰੱਖਣ ਦਾ ਮੌਕਾ ਮਿਲੇਗਾ। ਅੰਤ ਵਿੱਚ ਉਨ੍ਹਾਂ ਨੇ ਚੋਣ ਕਮੇਟੀ, ਰਿਟਰਨਿੰਗ ਅਫ਼ਸਰ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।