ਨਸ਼ਿਆਂ ਦੀ ਅੱਗ ’ਚ ਨੌਜਵਾਨਾਂ ਨੂੰ ਧੱਕਣ ਵਾਲੀ 'ਆਪ' ਸਰਕਾਰ ਨੂੰ ਪੰਜਾਬੀ ਕਦੇ ਮਾਫ਼ ਨਹੀਂ ਕਰਨਗੇ : ਭਜਨ ਲਾਲ ਸ਼ਰਮਾ ਨਸ਼ਿਆਂ ਦੀ ਅੱਗ ’ਚ ਨੌਜਵਾਨਾਂ ਨੂੰ ਝੋਂਕਣ ਵਾਲੀ 'ਆਪ' ਸਰਕਾਰ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ: ਭਜਨ ਲਾਲ ਸ਼ਰਮਾ
Publish Date: Mon, 28 Sep 2026 04:41 PM (IST)
Updated Date: Mon, 28 Sep 2026 04:42 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਮਮਦੋਦ ਪਹੁੰਚੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਨਾਲ ਹੀ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ, ਜਦਕਿ ਮੌਜੂਦਾ ‘ਆਪ’ ਸਰਕਾਰ ਤਿੰਨ ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦੇ ਆਪਣੇ ਚੋਣ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਗੁਰਦੁਆਰਾ ਜਾਮਨੀ ਸਾਹਿਬ ਅਤੇ ਸਾਰਾਗੜ੍ਹੀ ਮੈਮੋਰੀਅਲ ਤੇ ਸ਼ਹੀਦਾਂ ਨੂੰ ਨਮਨ ਕੀਤਾ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਸਾਰਾਗੜ੍ਹੀ ਦੇ ਸੂਰਬੀਰਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ਭਗਤੀ ਦਾ ਇਤਿਹਾਸ ਰਚਿਆ ਹੈ, ਪਰ ਅੱਜ ਨਸ਼ਿਆਂ ਦੀ ਸਮੱਸਿਆ ਨੇ ਇਸ ਸਰਹੱਦੀ ਸੂਬੇ ਦੇ ਘਰ-ਘਰ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।ਸ਼ਰਮਾ ਨੇ ਆਪ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਿੰਨ ਮਹੀਨਿਆਂ ਚ ਨਸ਼ਾ ਖ਼ਤਮ ਕਰਨ ਦੀ ਗਾਰੰਟੀ ਦੇਣ ਵਾਲੀ ਸਰਕਾਰ ਦੇ ਰਾਜ ’ਚ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਫੜਨਾ ਹੱਲ ਨਹੀਂ ਹੈ, ਸਗੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਰੋਡਮੈਪ ਤਹਿਤ ਨਸ਼ਾ ਤਸਕਰਾਂ, ਮੁੱਖ ਸਰਗਨਿਆਂ ਅਤੇ ਫਾਈਨਾਂਸਰਾਂ ਨੂੰ ਬੇਨਕਾਬ ਕਰਕੇ ਪੂਰੀ ਸਪਲਾਈ ਚੇਨ ਨੂੰ ਤੋੜਨਾ ਪਵੇਗਾ। 2047 ਤੱਕ ‘ਵਿਕਸਿਤ ਭਾਰਤ’ ਦਾ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਦੇਸ਼ ਦੀ ਯੁਵਾ ਸ਼ਕਤੀ ਨਸ਼ਾ ਮੁਕਤ ਅਤੇ ਸਿਹਤਮੰਦ ਹੋਵੇਗੀ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਨਸ਼ੇ ਦੀ ਇੱਕ ਖੁਰਾਕ ਨੌਜਵਾਨਾਂ ਦੀ ਜਾਨ ਲੈ ਰਹੀ ਹੈ ਅਤੇ ਸਰਕਾਰ ਨੂੰ ਵਿਧਾਨ ਸਭਾ ਚ ਕੀਤੇ ਦਾਅਵਿਆਂ ਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਯਾਤਰਾ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਆਖਿਆ ਕਿ ਨਸ਼ਾ ਮੁਕਤੀ ਸਿਰਫ਼ ਸਿਆਸੀ ਨਾਅਰਾ ਨਹੀਂ ਸਗੋਂ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਪ੍ਰੋਗਰਾਮ ਦੌਰਾਨ ਵਿਜੈ ਸ਼ਰਮਾ, ਸੂਰਜ ਭਾਦਵਾਜ, ਸਰਬਜੀਤ ਸਿੰਘ ਬੌਬੀ ਬਾਠ, ਸੁਰਿੰਦਰ ਸਿੰਘ ਅਤੇ ਮਨਜੀਤ ਸਿੰਘ ਰਾਏ ਸਮੇਤ ਕਈ ਆਗੂ ਹਾਜ਼ਰ ਸਨ।