ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦਾ ਜਾ ਰਿਹਾ ਪੰਜਾਬੀ ਸਮਾਜ, ਵਿਰਸੇ ਦੀਆਂ ਜੜ੍ਹਾਂ ਨਾਲ ਜੁੜਨ ਦੀ ਲੋੜ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦਾ ਜਾ ਰਿਹਾ ਪੰਜਾਬੀ ਸਮਾਜ, ਵਿਰਸੇ ਦੀਆਂ ਜੜ੍ਹਾਂ ਨਾਲ ਜੁੜਨ ਦੀ ਲੋੜ
Publish Date: Mon, 17 Aug 2026 05:26 PM (IST)
Updated Date: Mon, 17 Aug 2026 05:27 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬੀ ਸਿਰਫ਼ ਬੋਲਚਾਲ ਦਾ ਸਾਧਨ ਨਹੀਂ, ਸਗੋਂ ਪੰਜਾਬ ਦੀ ਮਿੱਟੀ ਦੀ ਮਹਿਕ, ਗੁਰੂ ਸਾਹਿਬਾਨ ਦੀ ਬਾਣੀ, ਸੂਫ਼ੀ ਸੰਤਾਂ ਦੀ ਸੋਚ, ਸਾਹਿਤਕਾਰਾਂ ਦੀ ਕਲਮ ਅਤੇ ਸਦੀਆਂ ਪੁਰਾਣੇ ਅਮੀਰ ਸੱਭਿਆਚਾਰ ਦੀ ਜਿਉਂਦੀ-ਜਾਗਦੀ ਪਹਿਚਾਣ ਹੈ। ਪਰ ਆਧੁਨਿਕਤਾ ਦੀ ਦੌੜ ਅਤੇ ਅੰਗਰੇਜ਼ੀ ਭਾਸ਼ਾ ਦੇ ਵਧ ਰਹੇ ਪ੍ਰਭਾਵ ਕਾਰਨ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਦੀ ਵਰਤੋਂ ਲਗਾਤਾਰ ਘਟਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮੋਬਾਈਲ ਸੁਨੇਹਿਆਂ ਤੋਂ ਲੈ ਕੇ ਦਫ਼ਤਰੀ ਕੰਮਕਾਜ, ਕਾਰੋਬਾਰ ਅਤੇ ਸਿੱਖਿਆ ਤੱਕ ਪੰਜਾਬੀ ਦੀ ਥਾਂ ਹੋਰ ਭਾਸ਼ਾਵਾਂ ਨੂੰ ਤਰਜੀਹ ਮਿਲਣ ਨਾਲ ਮਾਂ ਬੋਲੀ ਦੀ ਮਜ਼ਬੂਤੀ ਲਈ ਸਵਾਲ ਖੜ੍ਹੇ ਹੋ ਰਹੇ ਹਨ। ...................................... ਮਾਂ ਬੋਲੀ ਦੀ ਵਰਤੋਂ ਵਧਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ : ਅਟਵਾਲ ਸਮਾਜ ਸੇਵੀ ਅੰਗਰੇਜ਼ ਸਿੰਘ ਅਟਵਾਲ ਨੇ ਕਿਹਾ ਕਿ ਮਾਂ ਬੋਲੀ ਨਾਲ ਪਿਆਰ ਕਰਨਾ ਆਪਣੇ ਇਤਿਹਾਸ, ਵਿਰਸੇ ਅਤੇ ਸੱਭਿਆਚਾਰ ਨਾਲ ਪਿਆਰ ਕਰਨ ਦੇ ਬਰਾਬਰ ਹੈ। ਪੰਜਾਬੀ ਨੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਇੱਕ ਸਾਂਝੀ ਪਹਿਚਾਣ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਨੌਜਵਾਨ ਸੋਸ਼ਲ ਮੀਡੀਆ, ਮੋਬਾਈਲ ਸੁਨੇਹਿਆਂ, ਦਫ਼ਤਰੀ ਕੰਮਕਾਜ ਅਤੇ ਰੋਜ਼ਾਨਾ ਜੀਵਨ ਵਿੱਚ ਪੰਜਾਬੀ ਨੂੰ ਵੱਧ ਤੋਂ ਵੱਧ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਦੀ ਵਰਤੋਂ ਤੋਂ ਹੀ ਕਤਰਾਉਣ ਲੱਗ ਪਈ ਤਾਂ ਭਾਸ਼ਾ ਦੇ ਨਾਲ-ਨਾਲ ਸਾਡੀ ਸੱਭਿਆਚਾਰਕ ਪਹਿਚਾਣ ਵੀ ਕਮਜ਼ੋਰ ਹੋ ਸਕਦੀ ਹੈ। ...................................... ਪੰਜਾਬੀ ਗੁਰੂਆਂ ਤੋਂ ਮਿਲੀ ਅਨਮੋਲ ਵਿਰਾਸਤ : ਭੁੱਲਰ ਪ੍ਰਕਿਰਤੀ ਕਲੱਬ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬੀ ਸਾਡੇ ਗੁਰੂ ਸਾਹਿਬਾਨ ਅਤੇ ਮਹਾਨ ਵਿਰਸੇ ਤੋਂ ਮਿਲੀ ਅਨਮੋਲ ਦਾਤ ਹੈ। ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਛੋਟੀ ਉਮਰ ਤੋਂ ਪੰਜਾਬੀ ਪੜ੍ਹਨ, ਲਿਖਣ ਅਤੇ ਬੋਲਣ ਲਈ ਉਤਸ਼ਾਹਿਤ ਕਰਨ। ਸਕੂਲਾਂ, ਕਾਲਜਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਵੀ ਪੰਜਾਬੀ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸਮਾਜ ਆਪਣੀ ਮਾਂ ਬੋਲੀ ਤੋਂ ਦੂਰ ਹੋ ਜਾਂਦਾ ਹੈ, ਉਹ ਹੌਲੀ-ਹੌਲੀ ਆਪਣੀਆਂ ਸੱਭਿਆਚਾਰਕ ਜੜ੍ਹਾਂ ਤੋਂ ਵੀ ਵਿੱਛੜ ਜਾਂਦਾ ਹੈ। ...................................... ਮਾਂ ਬੋਲੀ ਨਾਲ ਜੁੜੇ ਰਹਿਣਾ ਹਰ ਪੰਜਾਬੀ ਦਾ ਫਰਜ਼ : ਗਿੱਲ ਸਹਾਰਾ ਕਲੱਬ ਦੇ ਪ੍ਰਧਾਨ ਤੇ ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਸਿਰਫ਼ ਸੰਚਾਰ ਦੀ ਭਾਸ਼ਾ ਨਹੀਂ, ਸਗੋਂ ਪੰਜਾਬੀਆਂ ਦੀ ਰੂਹ, ਸੋਚ ਅਤੇ ਸੱਭਿਆਚਾਰਕ ਪਛਾਣ ਹੈ। ਸਰਕਾਰੀ ਦਫ਼ਤਰਾਂ, ਨਿੱਜੀ ਸੰਸਥਾਵਾਂ, ਵਪਾਰਕ ਅਦਾਰਿਆਂ ਅਤੇ ਸਮਾਜਿਕ ਮੰਚਾਂ ’ਤੇ ਪੰਜਾਬੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਜੇਕਰ ਆਪਣੇ ਲਿਖਤੀ ਅਤੇ ਸਮਾਜਿਕ ਕੰਮਾਂ ਵਿੱਚ ਪੰਜਾਬੀ ਨੂੰ ਪਹਿਲ ਦੇਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਆਪਣੀ ਮਾਂ ਬੋਲੀ ਨਾਲ ਮਜ਼ਬੂਤੀ ਨਾਲ ਜੋੜਿਆ ਜਾ ਸਕਦਾ ਹੈ। ...................................... ਪੰਜਾਬੀ ਸਾਡੀ ਸਭ ਤੋਂ ਅਮੀਰ ਵਿਰਾਸਤੀ ਭਾਸ਼ਾ : ਨਰਿੰਦਰ ਸਿੰਘ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨਾਲ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਘਰਾਂ, ਕਾਰੋਬਾਰਾਂ, ਵਿਦਿਅਕ ਅਦਾਰਿਆਂ ਅਤੇ ਸਮਾਜਿਕ ਜੀਵਨ ਵਿੱਚ ਪੰਜਾਬੀ ਦੀ ਵਰਤੋਂ ਵਧਾਉਣ ਨਾਲ ਹੀ ਇਸ ਦੀ ਅਗਲੀ ਪੀੜ੍ਹੀ ਤੱਕ ਮਜ਼ਬੂਤ ਪਹੁੰਚ ਯਕੀਨੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੇ ਇਤਿਹਾਸ, ਸੱਭਿਆਚਾਰ ਅਤੇ ਪਹਿਚਾਣ ਦੀ ਰੂਹ ਹੈ ਅਤੇ ਇਸ ਦੀ ਸੰਭਾਲ ਕਰਨਾ ਹਰ ਪੰਜਾਬੀ ਦੀ ਸਾਂਝੀ ਜ਼ਿੰਮੇਵਾਰੀ ਹੈ। ...................................... ਮਾਂ ਬੋਲੀ ਨੂੰ ਬਚਾਉਣ ਲਈ ਵਰਤੋਂ ਵਧਾਉਣਾ ਹੀ ਸਭ ਤੋਂ ਵੱਡਾ ਉਪਰਾਲਾ : ਨੂਰਪੁਰ ਲੇਖਕ ਗੁਰਚਰਨ ਸਿੰਘ ਨੂਰਪੁਰ ਦਾ ਵਿਚਾਰ ਹੈ ਕਿ ਮਾਂ ਬੋਲੀ ਕਿਸੇ ਕੌਮ ਦੀ ਸਿਰਫ਼ ਭਾਸ਼ਾਈ ਪਹਿਚਾਣ ਨਹੀਂ ਹੁੰਦੀ, ਇਹ ਉਸ ਦੇ ਇਤਿਹਾਸ, ਲੋਕ-ਚੇਤਨਾ ਅਤੇ ਸੱਭਿਆਚਾਰਕ ਯਾਦਾਂ ਦੀ ਵਾਹਕ ਹੁੰਦੀ ਹੈ। ਪੰਜਾਬੀ ਨੂੰ ਸਿਰਫ਼ ਭਾਸ਼ਾ ਦਿਵਸਾਂ ਜਾਂ ਵਿਸ਼ੇਸ਼ ਸਮਾਗਮਾਂ ਤੱਕ ਸੀਮਤ ਕਰਨ ਦੀ ਬਜਾਏ ਇਸ ਨੂੰ ਘਰ ਦੀ ਗੱਲਬਾਤ, ਬੱਚਿਆਂ ਦੀ ਪੜ੍ਹਾਈ, ਸਾਹਿਤ, ਕਾਰੋਬਾਰ ਅਤੇ ਰੋਜ਼ਾਨਾ ਦੇ ਕੰਮਕਾਜ ਦਾ ਹਿੱਸਾ ਬਣਾਉਣ ਦੀ ਲੋੜ ਹੈ। ਮਾਂ ਬੋਲੀ ਨਾਲ ਸਾਡਾ ਰਿਸ਼ਤਾ ਜਿੰਨਾ ਮਜ਼ਬੂਤ ਹੋਵੇਗਾ, ਉਨਾ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਵਿਰਸੇ ਅਤੇ ਜੜ੍ਹਾਂ ਨਾਲ ਜੁੜੀਆਂ ਰਹਿਣਗੀਆਂ। ਪੰਜਾਬੀ ਨੂੰ ਸਨਮਾਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਇਹੀ ਹੈ ਕਿ ਅਸੀਂ ਇਸ ਦੀ ਵਰਤੋਂ ਕਰਨ ਵਿੱਚ ਮਾਣ ਮਹਿਸੂਸ ਕਰੀਏ।