ਤੀਆਂ ਦੇ ਤਿਉਹਾਰ ’ਚ ਮੁਟਿਆਰਾਂ ਤੇ ਔਰਤਾਂ ਨੇ ਸੱਜ-ਧੱਜ ਕੇ ਲਾਈਆਂ ਰੌਣਕਾਂ ਪ੍ਰਕਿਰਤੀ ਪਾਰਕ ’ਚ ਗੂੰਜੀਆਂ ਪੰਜਾਬੀ ਬੋਲੀਆਂ, ਢੋਲ ਦੀ ਥਾਪ ’ਤੇ ਨੱਚਿਆ ਪੰਜਾਬੀ ਵਿਰਸਾ
Publish Date: Sun, 16 Aug 2026 05:01 PM (IST)
Updated Date: Sun, 16 Aug 2026 05:02 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਦੇ ਪ੍ਰਕਿਰਤੀ ਪਾਰਕ ਵਿਖੇ ਪੰਜਾਬੀ ਸੱਭਿਆਚਾਰ, ਲੋਕ-ਰਵਾਇਤਾਂ ਅਤੇ ਅਮੀਰ ਵਿਰਸੇ ਦੀ ਮਨਮੋਹਕ ਛਟਾ ਉਸ ਵੇਲੇ ਚਾਰ-ਚੁਫੇਰੇ ਬਿਖਰ ਗਈ, ਜਦੋਂ ਮੁਟਿਆਰਾਂ ਅਤੇ ਔਰਤਾਂ ਨੇ ਤੀਆਂ ਦੇ ਰਵਾਇਤੀ ਤਿਉਹਾਰ ਨੂੰ ਪੂਰੇ ਉਤਸ਼ਾਹ, ਉਮੰਗ ਅਤੇ ਸੱਭਿਆਚਾਰਕ ਰੰਗਤ ਨਾਲ ਮਨਾਇਆ। ਤੀਆਂ ਦੀਆਂ ਬੋਲੀਆਂ, ਢੋਲ ਦੀ ਥਾਪ, ਗਿੱਧੇ ਦੀਆਂ ਧਮਾਲਾਂ ਅਤੇ ਪੀਂਘਾਂ ਦੀਆਂ ਹੁਲਾਰੀਆਂ ਨੇ ਪ੍ਰਕਿਰਤੀ ਪਾਰਕ ਨੂੰ ਜਿਵੇਂ ਪੰਜਾਬ ਦੇ ਪੁਰਾਤਨ ਪਿੰਡਾਂ ਦੀਆਂ ਯਾਦਾਂ ਨਾਲ ਜੋੜ ਦਿੱਤਾ। ਸਮਾਗਮ ਵਿੱਚ ਸਮਾਜ ਸੇਵਿਕਾ ਜਸਮੇਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਤੀਆਂ ਦੇ ਤਿਉਹਾਰ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਤੀਆਂ ਦੇ ਮੇਲੇ ਵਿੱਚ ਮੁਟਿਆਰਾਂ ਅਤੇ ਔਰਤਾਂ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਸੱਜ-ਧੱਜ ਕੇ ਸ਼ਮੂਲੀਅਤ ਕੀਤੀ। ਕਿਸੇ ਪਾਸੇ ਪੰਜਾਬੀ ਬੋਲੀਆਂ ਦੀ ਛਹਿਬਰ ਲੱਗੀ ਹੋਈ ਸੀ ਤੇ ਕਿਸੇ ਪਾਸੇ ਢੋਲ ਦੀ ਥਾਪ ’ਤੇ ਗਿੱਧੇ ਅਤੇ ਭੰਗੜੇ ਦੀਆਂ ਧਮਾਲਾਂ ਨੇ ਮਾਹੌਲ ਨੂੰ ਜੋਸ਼ ਨਾਲ ਭਰ ਦਿੱਤਾ। ਪੀਂਘਾਂ ਝੂਟਦੀਆਂ ਮੁਟਿਆਰਾਂ ਦੀ ਖਿੜਖਿੜਾਹਟ ਅਤੇ ਲੋਕ-ਗੀਤਾਂ ਦੀਆਂ ਸੁਰਾਂ ਨੇ ਤੀਆਂ ਦੇ ਪੁਰਾਤਨ ਰੰਗ ਨੂੰ ਜੀਵੰਤ ਕਰ ਦਿੱਤਾ। ਇਸ ਮੌਕੇ ਗੀਤਾ ਨਾਹਰ, ਪੂਜਾ ਗੁਲਾਟੀ, ਮਨਜੀਤ ਕੌਰ, ਨਵਜੋਤ ਨੀਲੇਵਾਲਾ, ਰਮਨਦੀਪ ਕੌਰ, ਰਿਟਾ: ਲੈਕਚਰਾਰ ਸੁਨੀਤਾ ਰੱਲਾ, ਗੁਰਮੀਤ ਕੌਰ ਗਿੱਲ, ਸੁਦੇਸ਼ ਰਾਣੀ, ਇਸਤਰੀ ਸਭਾ ਜ਼ੀਰਾ ਦੇ ਪ੍ਰਧਾਨ ਨਸੀਬ ਕੌਰ, ਤ੍ਰਿਪਤ ਕਾਲੀਆ, ਲਖਵਿੰਦਰ ਕੌਰ ਲਹਿਰਾ, ਨਵਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਰਾਜਬੀਰ ਕੌਰ ਅਤੇ ਜਸਪ੍ਰੀਤ ਕੌਰ ਆਦਿ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸਫਲਤਾ ਲਈ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਜਸਵੰਤ ਸਿੰਘ ਨਾਮਦੇਵ, ਸੁਰਿੰਦਰ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਅੰਗਰੇਜ਼ ਸਿੰਘ ਅਟਵਾਲ ਅਤੇ ਰਿਟਾ: ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਆਦਿ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ, ਲੋਕ-ਗੀਤਾਂ, ਪਹਿਰਾਵਿਆਂ ਅਤੇ ਰਵਾਇਤੀ ਤਿਉਹਾਰਾਂ ਨਾਲ ਜੋੜਨ ਦਾ ਸਾਰਥਕ ਉਪਰਾਲਾ ਹਨ।