ਸੰਘਣੀ ਧੁੰਦ ਕਾਰਨ ਮਿੱਟੀ ਦੀ ਟਰਾਲੀ ’ਚ ਵੱਜੀ ਪੰਜਾਬ ਰੋਡਵੇਜ਼ ਦੀ ਬੱਸ ਸੰਘਣੀ ਧੁੰਦ ਕਾਰਨ ਮਿੱਟੀ ਨਾਲ ਲੱਦੀ ਟਰਾਲੀ ’ਚ ਜਾ ਵੱਜੀ ਪੰਜਾਬ ਰੋਡਵੇਜ਼ ਦੀ ਬੱਸ ਡਰਾਈਵਰ ਤੇ ਕੰਡਕਟਰ ਗੰਭੀਰ ਜ਼ਖ਼ਮੀ
Publish Date: Tue, 10 Nov 2026 04:01 PM (IST)
Updated Date: Tue, 10 Nov 2026 04:02 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜਦੋਂ ਸੜਕਾਂ ਉੱਤੇ ਸੰਘਣੀ ਧੁੰਦ ਆਪਣਾ ਪਹਿਰਾ ਬਿਠਾ ਲੈਂਦੀ ਹੈ ਤਾਂ ਸਫ਼ਰ ਸਿਰਫ਼ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ, ਸਗੋਂ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝਣ ਵਰਗੀ ਚੁਣੌਤੀ ਬਣ ਜਾਂਦਾ ਹੈ। ਅਜਿਹੇ ਹੀ ਧੁੰਦ ਦੇ ਕਹਿਰ ਨੇ ਅੱਜ ਸਵੇਰੇ ਇੱਕ ਵੱਡੇ ਸੜਕ ਹਾਦਸੇ ਦਾ ਰੂਪ ਧਾਰ ਲਿਆ, ਜਦੋਂ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡੀਪੂ ਦੀ ਬੱਸ ਜੋ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਜਾ ਰਹੀ ਸੀ,ਪਿੰਡ ਲੌਂਗੀਵਿੰਡ ਨੇੜੇ ਅੱਗੇ ਜਾ ਰਹੀ ਮਿੱਟੀ ਨਾਲ ਲੱਦੀ ਟਰੈਕਟਰ-ਟਰਾਲੀ ਵਿੱਚ ਜ਼ੋਰਦਾਰ ਢੰਗ ਨਾਲ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਇਸ ਹਾਦਸੇ ਵਿੱਚ ਬੱਸ ਦਾ ਡਰਾਈਵਰ ਤੇ ਕੰਡਕਟਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਦਕਿ ਬੱਸ ਵਿੱਚ ਸਵਾਰ ਕੁਝ ਹੋਰ ਯਾਤਰੀਆਂ ਨੂੰ ਵੀ ਸੱਟਾਂ ਲੱਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੇ ਫਿਰੋਜ਼ਪੁਰ ਡਿਪੂ ਦੀ ਬੱਸ ਨੰਬਰ ਪੀ.ਬੀ. 05-5875 ਅੱਜ ਸਵੇਰੇ ਕਰੀਬ 5:30 ਵਜੇ ਫਿਰੋਜ਼ਪੁਰ ਤੋਂ ਹੁਸ਼ਿਆਰਪੁਰ ਲਈ ਰਵਾਨਾ ਹੋਈ ਸੀ। ਜੀਰਾ ਬੱਸ ਅੱਡੇ ਤੋਂ ਸਵੇਰੇ 6:50 ਵਜੇ ਰਵਾਨਾ ਹੋਣ ਸਮੇਂ ਬੱਸ ਵਿੱਚ ਲਗਭਗ 50 ਸਵਾਰੀਆਂ ਮੌਜੂਦ ਸਨ। ਜਦੋਂ ਬੱਸ ਕਰੀਬ 7:20 ਵਜੇ ਪਿੰਡ ਲੌਂਗੀਵਿੰਡ ਨੇੜੇ ਪਹੁੰਚੀ ਤਾਂ ਸੰਘਣੀ ਧੁੰਦ ਕਾਰਨ ਦਿੱਖ ਘੱਟ ਹੋਣ ਕਰਕੇ ਅੱਗੇ ਜਾ ਰਹੀ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਪਿੱਛੋਂ ਟਕਰਾ ਗਈ। ਇਸ ਅਚਾਨਕ ਹੋਈ ਟੱਕਰ ਕਾਰਨ ਬੱਸ ਵਿੱਚ ਸਵਾਰੀਆਂ ਵਿੱਚ ਹਫ਼ੜਾ-ਦਫ਼ੜੀ ਮਚ ਗਈ। ਹਾਦਸੇ ਵਿੱਚ ਬੱਸ ਚਾਲਕ ਦੁੱਲਾ ਸਿੰਘ ਵਾਸੀ ਪਿੰਡ ਮਰੂੜ ਅਤੇ ਕੰਡਕਟਰ ਅਮਨਦੀਪ ਸਿੰਘ ਵਾਸੀ ਵਾੜਾ ਪੋਹਵਿੰਡ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੰਟਰੈਕਟ ਬੱਸ ਯੂਨੀਅਨ ਜੀਰਾ ਦੇ ਪ੍ਰਧਾਨ ਜਗਦੀਪ ਸਿੰਘ, ਕੁਲਵੰਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਨੇ ਰਾਹਗੀਰਾਂ ਦੀ ਮਦਦ ਨਾਲ ਰਾਹਤ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਈ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕੀਤਾ। ਗੰਭੀਰ ਜ਼ਖ਼ਮੀ ਡਰਾਈਵਰ ਦੁੱਲਾ ਸਿੰਘ ਅਤੇ ਕੰਡਕਟਰ ਅਮਨਦੀਪ ਸਿੰਘ ਨੂੰ ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਸਹਾਇਤਾ ਨਾਲ ਸੁਖਮਨੀ ਹਸਪਤਾਲ ਜੀਰਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮਾਮੂਲੀ ਸੱਟਾਂ ਲੱਗਣ ਵਾਲੇ ਯਾਤਰੀਆਂ ਨੂੰ ਵੀ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਬੱਸ ਯੂਨੀਅਨ ਦੇ ਆਗੂਆਂ ਨੇ ਹਾਦਸਾਗ੍ਰਸਤ ਬੱਸ ਨੂੰ ਸੜਕ ਤੋਂ ਹੇਠਾਂ ਉਤਰਵਾਇਆ ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ ਅਤੇ ਹੋਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਬਿਨਾਂ ਰਿਫਲੈਕਟਰ ਵਾਹਨ ਬਣ ਰਹੇ ਹਾਦਸਿਆਂ ਦਾ ਕਾਰਨ : ਜਗਦੀਪ ਸਿੰਘ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ’ਤੇ ਚੱਲਣ ਵਾਲੇ ਟਿੱਪਰਾਂ ਅਤੇ ਟਰਾਲੀਆਂ ਦੇ ਪਿੱਛੇ ਲਾਜ਼ਮੀ ਤੌਰ ’ਤੇ ਰਿਫਲੈਕਟਰ ਅਤੇ ਪਿਛਲੀਆਂ ਲਾਈਟਾਂ ਲਗਵਾਉਣ। ਉਨ੍ਹਾਂ ਕਿਹਾ ਕਿ ਬਿਨਾਂ ਲਾਈਟਾਂ ਅਤੇ ਰਿਫਲੈਕਟਰਾਂ ਵਾਲੇ ਵਾਹਨ ਧੁੰਦ ਦੌਰਾਨ ਹਾਦਸਿਆਂ ਦਾ ਵੱਡਾ ਕਾਰਨ ਬਣਦੇ ਹਨ। ਇਸ ਲਈ ਮਿੱਟੀ ਨਾਲ ਭਰੀਆਂ ਟਰਾਲੀਆਂ ਸਮੇਤ ਸਾਰੇ ਭਾਰੀ ਵਾਹਨਾਂ ’ਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਧੁੰਦ ਦੇ ਮੌਸਮ ਵਿੱਚ ਸੜਕ ਹਾਦਸਿਆਂ ਨੂੰ ਰੋਕ ਕੇ ਅਨੇਕਾਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।