- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਹਜ਼ਾਰਾਂ ਕਾਂਗਰਸੀ ਵਰਕਰ ਸ਼ਾਮਲ ਹੋਏ। ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਬਿਨਾਂ ਕਿਸੇ ਦਾ ਨਾਮ ਲਏ ਪਾਰਟੀ ਅੰਦਰਲੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੂਜੀਆਂ ਪਾਰਟੀਆਂ ਦੇ "ਸਲੀਪਰ ਸੈੱਲਾਂ" ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲਣ ਦਿੱਤੀ ਜਾਵੇਗੀ ਅਤੇ ਵਫ਼ਾਦਾਰ ਵਰਕਰਾਂ ਦੇ ਹੱਕਾਂ ਨਾਲ ਸਮਝੌਤਾ ਨਹੀਂ ਹੋਵੇਗਾ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ‘ਰਾਜਾ ਵੜਿੰਗ’ ਦੀ ਪ੍ਰਧਾਨਗੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਦਾ ਲਗਾਤਾਰ ਵਿਰੋਧ ਕਰ ਰਹੇ ਚੰਨੀ ਧੜੇ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦੋਂ ਮਹਿਜ਼ ਇੱਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਕਰਵਾਉਣ ਵਾਲੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਆਪਣੀ ਲਗਭਗ ਪੂਰੇ ਟੀਮ ਸਮੇਤ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ 'ਰਾਜਾ ਵੜਿੰਗ' ਦੀ "ਹਰ ਬੂਥ ਕਾਂਗਰਸ ਮਜ਼ਬੂਤ" ਰੈਲੀ ਵਿੱਚ ਸ਼ਾਮਲ ਹੋ ਗਏ। ਇਸ ਘਟਨਾਕ੍ਰਮ ਨੂੰ ਸਿਆਸੀ ਹਲਕਿਆਂ ਵਿੱਚ ਚੰਨੀ ਧੜੇ ਲਈ ਵੱਡੇ ਝੱਟਕੇ ਵਜੋਂ ਵੇਖਿਆ ਜਾ ਰਿਹਾ ਹੈ।
ਖਾਸ ਗੱਲ ਇਹ ਰਹੀ ਕਿ ਇੱਕ ਦਿਨ ਪਹਿਲਾਂ ਹੋਈ ਚੰਨੀ ਦੀ ਰੈਲੀ ਦੇ ਪੋਸਟਰਾਂ ਵਿੱਚ ਰਾਜਾ ਵੜਿੰਗ, ਭੂਪੇਸ਼ ਬਘੇਲ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀਆਂ ਤਸਵੀਰਾਂ ਤੱਕ ਨਹੀਂ ਲਗਾਈਆਂ ਗਈਆਂ ਸਨ। ਇਸ ਦੇ ਉਲਟ ਅੱਜ ਦੀ ਰੈਲੀ ਵਿੱਚ ਪਰਮਿੰਦਰ ਸਿੰਘ ਪਿੰਕੀ ਖੁਦ ਆਪਣੇ ਸਾਰੇ ਪ੍ਰਮੁੱਖ ਸਾਥੀਆਂ ਨਾਲ ਮੰਚ 'ਤੇ ਮੌਜੂਦ ਨਜ਼ਰ ਆਏ। ਉੱਥੇ ਸੋਮਵਾਰ ਨੂੰ ਪਿੰਕੀ ਵੱਲੋਂ ਕਰਵਾਈ ਚੰਨੀ ਦੀ ਰੈਲੀ ਵਿੱਚ ਸ਼ਾਮਲ ਹੋਏ ਰਮਿੰਦਰ ਆਂਵਲਾ ਅਤੇ ਸ਼ੇਰ ਸਿੰਘ ਘੁਬਾਇਆ ਵਰਗੇ ਕਈ ਆਗੂ ਅੱਜ ਨਜ਼ਰ ਨਹੀਂ ਆਏ।ਕੁਲਬੀਰ ਜ਼ੀਰਾ ਵੱਲੋਂ ਮੰਗਲਵਾਰ ਨੂੰ ਕਰਵਾਈ ਰੈਲੀ ਵਿੱਚ ਰਾਜਾ ਵੜਿੰਗ ਤੇ ਭੂਪੇਸ਼ ਬਘੇਲ ਤੋਂ ਇਲਾਵਾ ਸਾਬਕਾ ਸਾਂਸਦ ਜਸਬੀਰ ਡਿੰਪਾ, ਪਰਮਿੰਦਰ ਸਿੰਘ ਪਿੰਕੀ, ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਸਕੱਤਰ ਗੁਰਭੇਜ ਟਿੱਬੀ , ਰਵੀ ਦਲਵੀ ,ਹੀਨਾ ਕਾਵੜੇ, ਸੁਖਵਿੰਦਰ ਡੈਨੀ,ਬਲਜੀਤ ਕੌਰ ਬੰਗੜ ਵੀ ਸਟੇਜ਼ ’ਤੇ ਵਿਰਾਜਮਾਨ ਸਨ।
ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ ਹਜ਼ਾਰਾਂ ਕਾਂਗਰਸੀ ਵਰਕਰ ਸ਼ਾਮਲ ਹੋਏ। ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਬਿਨਾਂ ਕਿਸੇ ਦਾ ਨਾਮ ਲਏ ਪਾਰਟੀ ਅੰਦਰਲੇ ਵਿਰੋਧੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਦੂਜੀਆਂ ਪਾਰਟੀਆਂ ਦੇ "ਸਲੀਪਰ ਸੈੱਲਾਂ" ਨੂੰ ਕਾਂਗਰਸ ਦੀ ਟਿਕਟ ਨਹੀਂ ਮਿਲਣ ਦਿੱਤੀ ਜਾਵੇਗੀ ਅਤੇ ਵਫ਼ਾਦਾਰ ਵਰਕਰਾਂ ਦੇ ਹੱਕਾਂ ਨਾਲ ਸਮਝੌਤਾ ਨਹੀਂ ਹੋਵੇਗਾ।
ਆਪਣੇ ਭਾਸ਼ਣ ਦੌਰਾਨ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ-ਵਿਵਸਥਾ 'ਤੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ। ਉਨ੍ਹਾਂ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਦੱਸਦਿਆਂ ਕਿਹਾ ਕਿ ਉਸ ਦੇ ਕਤਲ ਦੇ ਅਸਲ ਦੋਸ਼ੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਵੀ ਸ਼ਰੇਆਮ ਲਾਰੈਂਸ ਬਿਸ਼ਨੋਈ ਨੂੰ ਸਜ਼ਾ ਦੁਆਉਣ ਦਾ ਮੁੱਦਾ ਚੁੱਕਿਆ ਸੀ । ਉਨ੍ਹਾਂ ਇਸ ਦੌਰਾਨ ਮੰਚ ਤੋਂ ਆਪਣੇ ਭਾਸ਼ਣ ਨੂੰ ਵਿੱਚੋਂ ਰੋਕ ਕੇ ਸਿੱਧੂ ਮੂਸੇਵਾਲਾ ਦਾ ਮਸ਼ਹੂਰ ਗੀਤ "295" ਵੀ ਚਲਾਇਆ , ਜਿਸ 'ਤੇ ਵਰਕਰਾਂ ਨੇ ਭਾਰੀ ਉਤਸ਼ਾਹ ਦਿਖਾਇਆ।
ਜਿਕਰਯੋਗ ਹੈ ਕਿ ਸੋਮਵਾਰ ਦੇਰ ਰਾਤ ਕਿਸੇ ਵੱਲੋਂ ਫਿਰੋਜ਼ਪੁਰ ਦੀਆਂ ਕੰਧਾਂ ’ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀਆਂ ਆਰ ਐਸਐਸ ਦੀ ਵੇਸ਼ ਭੁ਼ਸ਼ਾ ਵਾਲੀਆਂ ਤਸਵੀਰਾਂ ਲਗਾ ਕੇ ਰਾਹੁਲ ਗਾਂਧੀ ਤੋਂ ਚੰਨੀ ਹਟਾੳ ਦੀ ਮੰਗ ਕੀਤੀ ਗਈ ਸੀ। ਉਸ ਤੋਂ ਬਾਅਦ ਮੰਗਲਵਾਰ ਨੂੰ ਕੁਲਬੀਰ ਜ਼ੀਰਾ ਵੱਲੋਂ ਕਰਵਾਈ ਰਾਜਾ ਵੜਿੰਗ ਦੀ ਰੈਲੀ ਦੌਰਾਨ ਕਿਸੇ ਵੱਲੋਂ ਵਿਰੋਧ ਨਹੀਂ ਕੀਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਮੰਗਲਵਾਰ ਨੂੰ ਰਾਜਾ ਵੜਿੰਗ ਦੀ ਰੈਲੀ ਦੌਰਾਨ ਕੁਲਬੀਰ ਜ਼ੀਰਾ ਦੀ ਟੀਮ ਵੱਲੋਂ ਵਿਰੋਧ ਕਰਨ ਵਾਲਿਆਂ ਲਈ ਵੀ ਸਖਤ ਇੰਤਜ਼ਾਮ ਕੀਤੇ ਹੋਏ ਸਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਭਾਟਾ, ਭੀਮ ਕੰਬੋਜ਼, ਸਾਬਕਾ ਜ਼ਿਲ੍ਹਾ ਪ੍ਰਧਾਨ ਚਮਕੌਰ ਢੀਂਡਸਾ ,ਹਰਿੰਦਰ ਢੀਂਡਸਾ , ਰਜਿੰਦਰ ਛਾਬੜਾ , ਬਲਬੀਰ ਬਾਠ , ਨਵਜੋਤ ਪਿੰਕੀ, ਗੁਰਦੀਪ ਢਿੱਲੋਂ ,ਤਿਲਕ ਰਾਜ ਆੜ੍ਹਤੀ ਅਤੇ ਹੋਰ ਵੀ ਕਈ ਆਗੂ ਹਾਜ਼ਰ ਸਨ।