ਸੰਪੂਰਣਤਾ ਅਭਿਆਨ ਤਹਿਤ ਫ਼ਿਰੋਜ਼ਪੁਰ ਦੇ ਸਿੱਖਿਆ ਵਿਭਾਗ ਦਾ ਸਨਮਾਨ
ਪੰਜਾਬ ਦੇ ਰਾਜਪਾਲ ਵੱਲੋਂ ਸੰਪੂਰਣਤਾ ਅਭਿਆਨ ਤਹਿਤ ਫ਼ਿਰੋਜ਼ਪੁਰ ਦੇ ਸਿੱਖਿਆ ਵਿਭਾਗ ਦਾ ਸਨਮਾਨ
Publish Date: Mon, 23 Feb 2026 06:29 PM (IST)
Updated Date: Mon, 23 Feb 2026 06:31 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪਰ : ਲੋਕ ਸਭਾ ਵਿਖੇ ਐਸਪੀਰੇਸ਼ਨਲ ਡਿਸਟ੍ਰਿਕਟ ਅਤੇ ਬਲਾਕ ਪ੍ਰੋਗਰਾਮ ਤਹਿਤ ਸੂਬਾ ਪੱਧਰੀ ‘ਸੰਪੂਰਣਤਾ ਅਭਿਆਨ ਸਨਮਾਨ ਸਮਾਰੋਹ’ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵੱਲੋਂ ਸਿੱਖਿਆ ਸਮੇਤ ਹੋਰ ਖੇਤਰਾਂ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਚੰਗੇ ਕਾਰਜਸ਼ੀਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਭੇਜੇ ਨਾਵਾਂ ਦੇ ਆਧਾਰ ’ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਅਭਿਆਨ ਨੂੰ ਲਾਗੂ ਕਰਨ ਅਤੇ ਟੀਚਿਆਂ ਨੂੰ ਸਮੇਂ ਸਿਰ ਹਾਸਲ ਕਰਨ ਲਈ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਕੋਮਲ ਅਰੋੜਾ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ ਐਜੂਕੇਸ਼ਨ), ਸਰਬਜੀਤ ਸਿੰਘ, ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ (ਜ), ਸੁਖਵਿੰਦਰ ਕੌਰ ਬੀਪੀਈਓ ਮਖੂ ਅਤੇ ਪ੍ਰਵੀਨ ਕੁਮਾਰ ਦਫ਼ਤਰ ਸਹਾਇਕ ਕਮ ਡੀਈਓ ਨੇ ਭਾਗ ਲਿਆ ਅਤੇ ਰਾਜਪਾਲ ਤੋਂ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਪ੍ਰਾਪਤ ਕੀਤੇ। ਇਸ ਮੌਕੇ ਰਾਜਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਐਸਪੀਰੇਸ਼ਨਲ ਡਿਸਟ੍ਰਿਕਟ ਅਤੇ ਬਲਾਕ ਪ੍ਰੋਗਰਾਮ ਦਾ ਮੂਲ ਉਦੇਸ਼ ਪਿੱਛੜੇ ਖੇਤਰਾਂ ਵਿਚ ਵਿਕਾਸ ਦੀ ਗਤੀ ਤੇਜ਼ ਕਰਨਾ, ਸਿੱਖਿਆ ਦੀ ਗੁਣਵੱਤਾ ਨੂੰ ਉੱਚਾ ਚੁੱਕਣਾ ਅਤੇ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਸਮਾਰੋਹ ਦੌਰਾਨ ਸਿੱਖਿਆ ਖੇਤਰ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ, ਵਿਦਿਆਰਥੀਆਂ ਦੀ ਹਾਜ਼ਰੀ ਵਿਚ ਸੁਧਾਰ, ਨਤੀਜਿਆਂ ਵਿਚ ਬਿਹਤਰੀ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਨਵੀਨਤਮ ਪੜ੍ਹਾਉਣੀ ਵਿਧੀਆਂ ਬਾਰੇ ਚਰਚਾ ਕੀਤੀ ਗਈ। ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪੇਸ਼ ਕੀਤੀ ਗਈ ਪ੍ਰਗਤੀ ਰਿਪੋਰਟ ਨੂੰ ਖਾਸ ਤੌਰ ’ਤੇ ਸਰਾਹਿਆ ਗਿਆ ਅਤੇ ਭਵਿੱਖ ਵਿਚ ਹੋਰ ਵਧੀਆ ਨਤੀਜੇ ਹਾਸਲ ਕਰਨ ਲਈ ਰਣਨੀਤੀਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਸਨਮਾਨ ਨਾ ਸਿਰਫ਼ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਦੀ ਕਦਰ ਹੈ, ਸਗੋਂ ਪੂਰੇ ਜ਼ਿਲ੍ਹੇ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਵੀ ਹੈ, ਜੋ ਆਉਣ ਵਾਲੇ ਸਮੇਂ ਵਿਚ ਹੋਰ ਬਿਹਤਰ ਪ੍ਰਦਰਸ਼ਨ ਲਈ ਹੌਂਸਲਾ ਅਫ਼ਜ਼ਾਈ ਕਰੇਗਾ।