ਸਰਕਾਰ ਕਣਕ ’ਤੇ 200 ਰੁਪਏ ਬੋਨਸ ਦਾ ਕਰੇ ਐਲਾਨ : ਬੀਕੇਯੂ ਪੰਜਾਬ
ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ’ਤੇ 200 ਰੁਪਏ ਬੋਨਸ ਦੇਣ ਦਾ ਕਰੇ ਐਲਾਨ :ਫੁਰਮਾਨ ਸਿੰਘ ਸੰਧੂ, ਸੂਬੇਦਾਰ ਭੁਲੇਰੀਆ ਬੀਕੇਯੂ ਪੰਜਾਬ
Publish Date: Fri, 03 Apr 2026 04:33 PM (IST)
Updated Date: Fri, 03 Apr 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਮਦੋਟ : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ ਬਰਬਾਦ ਕਰਨ ਵਾਲੇ ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੇ ਸਾਹ ਮੀਂਹ ਹਨੇਰੀਆਂ ਨੇ ਸੁਕਾ ਰੱਖੇ ਹਨ। ਕਿਉਂਕਿ ਇਸ ਹਫ਼ਤੇ ਉੱਤਰੀ ਭਾਰਤ ਵਿਚ ਲਗਾਤਾਰ ਪੱਛਮੀ ਗੜਬੜੀਆਂ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਨੇ ਕਣਕ ਦੀ ਬੰਪਰ ਪੈਦਾਵਾਰ ਦੀਆਂ ਉਮੀਦਾਂ ਨੂੰ ਧੁੰਦਲਾ ਕਰ ਦਿੱਤਾ ਹੈ।ਸੂਬੇ ਭਰ ਵਿਚ 34 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਕਣਕ ਬੀਜੀ ਗਈ ਹੈ। ਕਣਕ ਦੀ ਵਾਢੀ ਕਰਨ ਵਾਲੇ ਕਿਸਾਨ ਜਿੱਥੇ ਕਿਸੇ ਸੰਭਾਵੀ ਮੁਸੀਬਤ ਤੋਂ ਡਰ ਰਹੇ ਹਨ। ਉੱਥੇ ਹੀ ਗੰਨਾ ਉਤਪਾਦਕ ਵੀ ਇਸ ਸਾਲ ਘੱਟ ਝਾੜ ਕਾਰਨ ਪ੍ਰੇਸ਼ਾਨ ਹਨ। 30-31 ਮਾਰਚ ਨੂੰ ਪਏ ਮੀਂਹ ਨੇ ਪੂਰੇ ਮਾਲਵਾ ਖੇਤਰ ਵਿਚ ਨੁਕਸਾਨ ਪਹੁੰਚਾਇਆ ਹੈ। ਇਸ ਦੌਰਾਨ ਤੇਜ਼ ਹਵਾਵਾਂ, ਗੜਿਆਂ ਅਤੇ ਮੀਂਹ ਤੋਂ ਬਾਅਦ ਫਿਰੋਜ਼ਪੁਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਬਰਨਾਲਾ, ਤਰਨ ਤਾਰਨ, ਫਾਜ਼ਿਲਕਾ, ਮਾਨਸਾ, ਸੰਗਰੂਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਇਲਾਕੇ ਦੀਆਂ ਕਣਕਾਂ ਪੂਰੀ ਤਰ੍ਹਾਂ ਵਿੱਛ ਚੁੱਕੀਆਂ ਹਨ। ਕਿਸਾਨਾਂ ਦੀ ਪਹਿਲਾ ਹੀ ਮਾਲੀ ਹਾਲਤ ਬਹੁਤ ਖਸਤਾ ਹੋਈ ਪਈ ਹੈ, ਉਪਰੋਂ ਜਿਸ ਕਣਕ ਦੀਆਂ ਉਮੀਦਾਂ ਲਾਈਆਂ ਹਨ, ਉਸ ’ਤੇ ਮੀਂਹ ਦਾ ਪਾਣੀ ਪੈਣ ਲੱਗ ਪਿਆ ਹੈ। ਸਰਕਾਰ ਹੁਣ ਕਿਸਾਨਾਂ ਨੂੰ ਕਣਕ ਉਤੇ ਬੋਨਸ ਦੇਵੇ। ਮਹਿੰਗੀਆਂ ਖਾਦਾਂ ਸਪੇਰਆਂ ਤੇ ਬੀਜ਼ ਮੁੱਲ ਲੈ ਕੇ ਪਾਏ ਹਨ। ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਪ੍ਰੈਸ ਸਕੱਤਰ ਪੰਜਾਬ, ਪ੍ਰਗਟ ਸਿੰਘ ਲਹਿਰਾ ਮੈਂਬਰ ਕੌਰ ਕਮੇਟੀ, ਗੁਰਵਿੰਦਰ ਸਿੰਘ ਢਿੱਲੋਂ ਮੈਂਬਰ ਕੌਰ ਕਮੇਟੀ, ਹਰਦੀਪ ਸਿੰਘ ਕਰਮੂੰਵਾਲਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਰਸਾਲ ਸਿੰਘ ਸੰਧੂ ਮੈਂਬਰ ਕੌਰ ਕਮੇਟੀ, ਕੈਪਟਨ ਪਿਆਰਾ ਸਿੰਘ ਬੱਗੇਵਲਾ ਮੈਂਬਰ ਕੌਰ ਕਮੇਟੀ, ਸੁਖਦੇਵ ਸਿੰਘ ਸੋਢੀ ਸਰਪੰਚ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਮੌਜ਼ੂਦ ਸਨ।