ਪੰਜਾਬ ਬੰਦ ਨੂੰ ਫਿਰੋਜ਼ਪੁਰ ’ਚ ਮਿਲਿਆ ਭਰਵਾਂ ਹੁੰਗਾਰਾ, ਬਾਜ਼ਾਰ ਮੁਕੰਮਲ ਬੰਦ ਪੰਜਾਬ ਬੰਦ ਨੂੰ ਫਿਰੋਜ਼ਪੁਰ ’ਚ ਮਿਲਿਆ ਭਰਵਾਂ ਹੁੰਗਾਰਾ , ਬਾਜ਼ਾਰ ਮੁਕੰਮਲ ਬੰਦ
Publish Date: Thu, 15 Oct 2026 05:25 PM (IST)
Updated Date: Fri, 16 Oct 2026 04:03 AM (IST)
ਲੋਕਾਂ ਨੇ ਆਪੇ ਹੀ ਬਜ਼ਾਰ ਕੀਤੇ ਬੰਦ, ਦਿੱਲੀ ਗੇਟ ਵਿਖੇ ਪ੍ਰਦਰਸ਼ਨਕਾਰੀਆਂ ਦੀ ਭਾਜਪਾ ਆਗੂ ਨਾਲ ਹੋਈ ਬਹਿਸ ਵਪਾਰੀਆਂ ਨੇ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ ਦੇ ਸੱਦੇ ਦਾ ਕੀਤਾ ਸਮਰਥਨ, ਮੈਡੀਕਲ ਸਹੂਲਤਾਂ ਰਹੀਆਂ ਚਾਲੂ ਬਜ਼ਾਰ ਬੰਦ ਕਰਵਾਉਣ ਆਏ ਲੋਕਾਂ ਦੀ ਭਾਜਪਾ ਆਗੂ ਟਿੱਡੀ ਮਹਿਤਾ ਨਾਲ ਹੋਈ ਤਕਰਾਰ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਾਨਸਾ ਦੇ ਨਸ਼ਾ ਵਿਰੋਧੀ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਰੋਸ ਵਜੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਫਿਰੋਜ਼ਪੁਰ ਦੇ ਲੋਕਾਂ ਵੱਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ । ਇਸ ਦੌਰਾਨ ਫਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹੀਆਂ ਅਤੇ ਵਪਾਰੀਆਂ ਨੇ ਆਪਣਾ ਕਾਰੋਬਾਰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਦੇ ਸੱਦੇ ਨੂੰ ਸਮਰਥਨ ਦਿੱਤਾ। ਇਸ ਦੌਰਾਨ ਜ਼ਰੂਰੀ ਮੈਡੀਕਲ ਸਹੂਲਤਾਂ ਚਾਲੂ ਰਹੀਆਂ। ਵਪਾਰੀ ਵਰਗ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਸੱਦੇ ਦਾ ਸਮਰਥਨ ਕੀਤਾ। ਸਵੇਰ ਤੋਂ ਹੀ ਵੱਖ ਵੱਖ ਜਥੇਬੰਦੀਆਂ ਵੱਲੋਂ ਆਪਣੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਕਈ ਜਗ੍ਹਾ ਜਥੇਬੰਦੀਆਂ ਵੱਲੋਂ ਸਰਕਾਰ ਦਾ ਪੁਤਲਾ ਫੂਕ ਕੇ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਵੇਂ ਸਾਰੇ ਬਜ਼ਾਰ ਬੰਦ ਸਨ,ਪਰ ਲੋਕਾਂ ਦੀ ਅਵਾਜਾਈ ਜਾਰੀ ਰਹੀ । ਕੁੱਝ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਸੱਤ ਨੰਬਰ ਚੁੰਗੀ ’ਤੇ ਜਾਮ ਲਗਾ ਕੇ ਅੰਮ੍ਰਿਤਸਾਰ, ਜਲੰਧਰ, ਲੁਧਿਆਣਾ ਤੇ ਬਠਿੰਡਾ ਨੂੰ ਜਾਂਦੇ ਰਸਤੇ ਬੰਦ ਰੱਖੇ। ਫਿਰੋਜ਼ਪੁਰ ਦੇ ਦੁਕਾਨਦਾਰਾਂ ਨੇ ਵੀ ਇਕਜੁੱਟਤਾ ਦਿਖਾਉਂਦਿਆਂ ਆਪਣਾ ਕਾਰੋਬਾਰ ਬੰਦ ਰੱਖਿਆ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਦੇ ਸ਼ਟਰ ਬੰਦ ਰਹੇ ਅਤੇ ਬੰਦ ਦਾ ਅਸਰ ਸਾਫ਼ ਦਿਖਾਈ ਦਿੱਤਾ। ਇਸ ਮੌਕੇ ਵਪਾਰੀਆਂ ਨੇ ਦੱਸਿਆ ਕਿ ਪੰਜਾਬ ਬੰਦ ਦੇ ਸੱਦੇ ਤਹਿਤ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਵਾਪਰੀ ਘਟਨਾ ਦੇ ਰੋਸ ਵਜੋਂ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਤੌਰ ’ਤੇ ਕੁਝ ਸਮੇਂ ਬਾਅਦ ਦੁਕਾਨਾਂ ਖੁੱਲ੍ਹ ਜਾਂਦੀਆਂ ਸਨ, ਪਰ ਇਸ ਵਾਰ ਦੁਕਾਨਦਾਰਾਂ ਨੇ ਬੰਦ ਦੇ ਸੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਰਥਨ ਦਿੱਤਾ। ਹਾਲਾਂਕਿ, ਇਸ ਦੌਰਾਨ ਮੈਡੀਕਲ ਸਹੂਲਤਾਂ ਚਾਲੂ ਰਹੀਆਂ, ਤਾਂ ਜੋ ਲੋਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਲੈਣ ਵਿੱਚ ਮੁਸ਼ਕਲ ਨਾ ਆਵੇ। ਪੰਜਾਬ ਬੰਦ ਦੌਰਾਨ ਫਿਰੋਜ਼ਪੁਰ ਵਿੱਚ ਬਾਜ਼ਾਰਾਂ ਦਾ ਬੰਦ ਰਹਿਣਾ ਇਸ ਗੱਲ ਦਾ ਸੰਕੇਤ ਰਿਹਾ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ਵਿੱਚ ਦਿੱਤੇ ਗਏ ਸੱਦੇ ਨੂੰ ਸ਼ਹਿਰ ਦੇ ਵਪਾਰੀ ਵਰਗ ਵੱਲੋਂ ਸਮਰਥਨ ਮਿਲਿਆ। ਬਜ਼ਾਰ ਬੰਦ ਕਰਵਾਉਣ ਆਏ ਲੋਕਾਂ ਦੀ ਭਾਜਪਾ ਆਗੂ ਟਿੱਡੀ ਮਹਿਤਾ ਨਾਲ ਹੋਈ ਤਕਰਾਰ ---ਸਵੇਰੇ ਜਦੋਂ ਕੁੱਝ ਲੋਕ ਬਜ਼ਾਰ ਬੰਦ ਕਰਵਾ ਰਹੇ ਸਨ ਤਾਂ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਵਪਾਰ ਮੰਡਲ ਪ੍ਰਧਾਨ ਅਤੇ ਭਾਜਪਾ ਆਗੂ ਅਸ਼ਵਨੀ ‘ਟਿੱਡੀ ’ ਮਹਿਤਾ ਦੀ ਉਨ੍ਹਾਂ ਲੋਕਾਂ ਨਾਲ ਬਹਿਸ ਹੋ ਗਈ।ਇਸ ਸਬੰਧੀ ਤੇਜੀ ਨਾਲ ਵਾਇਰਲ ਹੋ ਰਹੀ ਇਕ ਵੀਡੀੳ ਵਿੱਚ ਟਿੱਡੀ ਮਹਿਤਾ ਉਨ੍ਹਾਂ ਲੋਕਾਂ ਨੂੰ ਪੁੱਛ ਰਹੇ ਸਨ ਕਿ ਆਮ ਦੁਕਾਨਦਾਰ ਕਿਉਂ ਦੁਕਾਨਾਂ ਬੰਦ ਕਰਨ। ਉਨ੍ਹਾਂ ਆਖਿਆ ਕਿ ਅਸੀ ਤਾਂ ਗੋਲੀਆਂ ਨਹੀਂ ਵੇਚ ਰਹੇ ਹਾਂ, ਫਿਰ ਆਮ ਦੁਕਾਨਦਾਰ ਕਿਉਂ ਖਮਿਆਜ਼ਾ ਭੁਗਤੇ । ਇਸ ’ਤੇ ਵਪਾਰ ਮੰਡਲ ਪ੍ਰਧਾਨ ਟਿੱਡੀ ਮਹਿਤਾ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਕੁੱਝ ਲੋਕਾਂ ਵੱਲੋਂ ਭਾਜਪਾ ਨਾਲ ਜੋੜਦਿਆਂ ਇਹ ਅਖਿਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਭਾਜਪਾ ਅਤੇ ਆਰ ਐਸ ਐਸ ਨਾਲ ਜੁੜੇ ਹੋਣ ਕਾਰਣ ਹੀ ਉਹ ਵਿਰੋਧ ਕਰ ਰਹੇ ਹਨ। ਫਿਰੋਜ਼ਪੁਰ ਲੋਕ ਲਹਿਰ ਨੇ ਪਰਵਿੰਦਰ ਝੋਟੇ ਲਈ ਕੱਢ੍ਹਿਆ ਕੈਂਡਲ ਮਾਰਚ ਫਿਰੋਜ਼ਪੁਰ ’ਚ ਮਿਲਾਵਟਖੋਰੀ ਖਿਲਾਫ ਕਾਰਵਾਈ ਕਰਕੇ ਮੁਅੱਤਲ ਹੋਏ ਇਕ ਫੂਡ ਸੇਫਟੀ ਅਫਸਰ ਨੂੰ ਬਹਾਲ ਕਰਵਾਉਣ ਲਈ ਬੀਤੇ ਦਿਨੀਂ ਹੋਂਦ ਵਿੱਚ ਆਈ ‘ਫਿਰੋਜ਼ਪੁਰ ਲੋਕ ਲਹਿਰ’ ਵੱਲੋਂ ਵੀ ਬੰਦ ਦੋਰਾਨ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦੁਆਉਣ ਲਈ ਦੇਰ ਸ਼ਾਮ ਕੈਂਡਲ ਮਾਰਚ ਕੱਢ੍ਹਿਆ ਗਿਆ। ਕਨਵੀਨਰ ਗੁਰਨਾਮ ਸਿੱਧੂ ਅਤੇ ਐਡਵੋਕੇਟ ਰੋਹਿਤ ਅਰੋੜਾ ਦੀ ਅਗੁਵਾਈ ਵਿੱਚ ਕੱਢ੍ਹੇ ਗਏ ਇਸ ਕੈਂਡਲ ਮਾਰਚ ਵਿੱਚ ਸੈਂਕੜੇ ਲੋਕਾਂ ਨੇ ਭਾਗ ਲਿਆ।ਇਹ ਕੈਂਡਲ ਮਾਰਚ ਸ਼ਹਿਰ ਦੇ ਦਿੱਲੀ ਗੇਟ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਚੋਂਕ ਤੱਕ ਕੱਢ੍ਹਿਆ ਗਿਆ।