ਪੰਜਾਬ ਬੰਦ ਦਾ ਜ਼ੀਰਾ ਵਿੱਚ ਵਿਆਪਕ ਅਸਰ,ਦੁਕਾਨਾਂ ਦੇ ਸ਼ਟਰ ਰਹੇ ਡਾਊਨ
ਪੰਜਾਬ ਬੰਦ ਦਾ ਜ਼ੀਰਾ ਵਿੱਚ ਵਿਆਪਕ ਅਸਰ,ਦੁਕਾਨਾਂ ਦੇ ਸ਼ਟਰ ਰਹੇ ਡਾਊਨ
Publish Date: Fri, 21 Aug 2026 04:19 PM (IST)
Updated Date: Fri, 21 Aug 2026 04:21 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕੌਮੀ ਇਨਸਾਫ਼ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਜ਼ੀਰਾ ਸ਼ਹਿਰ ਵਿਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਸਮਰਥਨ ਵਿੱਚ ਸ਼ਹਿਰ ਦੇ ਦੁਕਾਨਦਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸਹਿਯੋਗ ਦਿੰਦਿਆਂ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖੇ ਗਏ।ਸਵੇਰ ਤੋਂ ਹੀ ਜੀਰਾ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਡਾਊਨ ਨਜ਼ਰ ਆਏ, ਜਿਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਬਾਜ਼ਾਰਾਂ ਵਿੱਚ ਚਹਿਲ-ਪਹਿਲ ਕਾਫ਼ੀ ਘੱਟ ਰਹੀ। ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਉਨ੍ਹਾਂ ਕੈਦੀਆਂ ਦੀ ਰਿਹਾਈ ਲਈ ਦਿੱਤਾ ਗਿਆ ਹੈ, ਜਿਨ੍ਹਾਂ ਬਾਰੇ ਮੋਰਚੇ ਦਾ ਕਹਿਣਾ ਹੈ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਜ਼ੀਰਾ ਵਿਚ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ। ਪੁਲਿਸ ਮੁਲਾਜ਼ਮਾਂ ਨੇ ਬਾਜ਼ਾਰਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਨਿਗਰਾਨੀ ਰੱਖਦਿਆਂ ਸਥਿਤੀ ’ਤੇ ਨਜ਼ਰ ਬਣਾਈ ਰੱਖੀ। ਕੁੱਲ ਮਿਲਾ ਕੇ ਜ਼ੀਰਾ ਵਿਚ ਪੰਜਾਬ ਬੰਦ ਦਾ ਪ੍ਰਭਾਵ ਸਪੱਸ਼ਟ ਤੌਰ ’ਤੇ ਦਿਖਾਈ ਦਿੱਤਾ।