ਕਿਸਾਨੀ ਮੁੱਦਿਆਂ ’ਤੇ ਫਿਰ ਭਖਿਆ ਪੰਜਾਬ, 32 ਜਥੇਬੰਦੀਆਂ ਦਾ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਮੋਰਚਾ ਜਾਰੀ ਕਿਸਾਨੀ ਮੁੱਦਿਆਂ ’ਤੇ ਫਿਰ ਭਖਿਆ ਪੰਜਾਬ, 32 ਜਥੇਬੰਦੀਆਂ ਦਾ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਮੋਰਚਾ ਜਾਰੀ
Publish Date: Fri, 04 Sep 2026 06:45 PM (IST)
Updated Date: Fri, 04 Sep 2026 06:46 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਕ ਵਾਰ ਮੁੜ ਗਰਮਾਉਣ ਲੱਗੀ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਮੇਤ 32 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਲਾਇਆ ਧਰਨਾ ਲਗਾਤਾਰ ਜਾਰੀ ਹੈ। 1 ਸਤੰਬਰ ਤੋਂ ਸ਼ੁਰੂ ਹੋਇਆ ਇਹ ਹਫ਼ਤਾਵਾਰੀ ਧਰਨਾ 7 ਸਤੰਬਰ ਤੱਕ ਚੱਲੇਗਾ। ਕਿਸਾਨ ਆਗੂਆਂ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਲੰਬੇ ਸਮੇਂ ਤੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੀ ਬਜਾਏ ਲਗਾਤਾਰ ਟਾਲਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਐਲਾਨੀਆਂ 22 ਫ਼ਸਲਾਂ ਲਈ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਨੂੰ ਸਭ ਤੋਂ ਅਹਿਮ ਮੰਗ ਦੱਸਦਿਆਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਫ਼ਸਲ ਬੀਮਾ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਭਾਰੀ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਰਾਹਤ ਕਿਉਂ ਨਹੀਂ ਦਿੱਤੀ ਜਾ ਸਕਦੀ। ਪਾਣੀਆਂ ਦੇ ਮੁੱਦੇ ’ਤੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਪਾਣੀ ਸਮਝੌਤਿਆਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪ੍ਰਸਤਾਵਿਤ ਭਾਰਤ-ਅਮਰੀਕਾ ਫਰੀ ਟਰੇਡ ਐਗਰੀਮੈਂਟ ਦਾ ਰਾਸ਼ਟਰੀ ਪੱਧਰ ’ਤੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗ ਦੇ ਮਸਲਿਆਂ ਲਈ ਇਕਜੁੱਟ ਸੰਘਰਸ਼ ਹੀ ਹੱਕਾਂ ਦੀ ਪ੍ਰਾਪਤੀ ਦਾ ਰਾਹ ਹੈ। ਧਰਨੇ ਮੌਕੇ ਸੁਖਮੰਦਰ ਸਿੰਘ, ਕਿਰਨਪਾਲ ਸਿੰਘ ਸੋਢੀ, ਹਰਦਿਆਲ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਚਮਕੌਰ ਸਿੰਘ, ਪਲਵਿੰਦਰ ਸਿੰਘ, ਗੁਰਵਿੰਦਰ ਸਿੰਘ ਬਹਿਕ ਫੱਤੂ, ਨੰਦ ਸਿੰਘ, ਰਣਜੀਤ ਸਿੰਘ ਜ਼ੀਰਾ, ਅਮਰ ਸਿੰਘ, ਸ਼ੁਬੇਗ ਸਿੰਘ ਫਿਰੋਜ਼ਪੁਰ, ਸਵਰਨ ਸਿੰਘ ਹਾਮਦਵਾਲਾ, ਗੁਰਦੇਵ ਸਿੰਘ ਪੀਹੇਆਲੀ, ਦਵਿੰਦਰ ਸਿੰਘ ਪੀਹੇਵਾਲੀ, ਰਾਜਾ ਮੀਹਾਂ ਸਿੰਘ ਵਾਲਾ, ਹਰਦਿਆਲ ਸਿੰਘ ਹਾਮਦਵਾਲਾ ਉਤਾੜ, ਗੁਰਨਾਮ ਸਿੰਘ ਅਲੀਪੁਰ, ਸੁੱਚਾ ਸਿੰਘ ਅਲੀਪੁਰ, ਤਰਸੇਮ ਸਿੰਘ ਇਕਾਈ ਪ੍ਰਧਾਨ, ਗੁਰਮੇਲ ਸਿੰਘ ਸੂਸ਼ਕ, ਗੁਰਦਾਸ ਸਿੰਘ ਸ਼ੂਸ਼ਕ, ਗੋਪੀ ਸੂਸ਼ਕ, ਦਰਸ਼ਨ ਸਿੰਘ ਸਨ੍ਹੇਰ, ਤੇਜਾ ਸਿੰਘ ਮਨਸੂਰਦੇਵਾ ਅਤੇ ਰਵਿੰਦਰ ਸਿੰਘ ਕਾਕਾ ਮਨਸੂਰਦੇਵਾ ਆਦਿ ਹਾਜ਼ਰ ਸਨ।