- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਸਲਾ ਦੀ ਮੁਅੱਤਲੀ ਖ਼ਿਲਾਫ਼ ਭੜਕਿਆ ਰੋਸ, 8 ਅਕਤੂਬਰ ਨੂੰ ਸੱਤ ਨੰਬਰ ਚੁੰਗੀ ਜਾਮ ਕਰਨ ਦਾ ਐਲਾਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫੂਡ ਸੇਫਟੀ ਇੰਸਪੈਕਟਰ ਅਭਿਨਵ ਖੋਸਲਾ ਦੀ ਮੁਅੱਤਲੀ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦਾ ਰੋਸ ਹੁਣ ਸੜਕਾਂ ’ਤੇ ਉਤਰਨ ਦੀ ਤਿਆਰੀ ਵਿੱਚ ਹੈ। ਮੰਗਲਵਾਰ ਨੂੰ ਨਗਰ ਕੌਂਸਲ ਪਾਰਕ ਵਿੱਚ ਹੋਈ ਹੰਗਾਮੀ ਮੀਟਿੰਗ ਵਿੱਚ ਕਿਸਾਨ, ਅਧਿਆਪਕ, ਪੱਤਰਕਾਰ, ਵਕੀਲ, ਰਾਜਨੀਤਿਕ, ਧਾਰਮਿਕ, ਸਿਹਤ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਅਤੇ ਯੂਨੀਅਨਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਢਾਈ ਸੌ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਹਾਜ਼ਰ ਲੋਕਾਂ ਨੇ ਇਕਜੁੱਟ ਹੋ ਕੇ ‘ਲੜਦੇ ਲੋਕ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਸੰਘਰਸ਼ ਤਹਿਤ 8 ਅਕਤੂਬਰ, ਵੀਰਵਾਰ ਨੂੰ ਫ਼ਿਰੋਜ਼ਪੁਰ ਛਾਉਣੀ ਦੀ ਸੱਤ ਨੰਬਰ ਚੁੰਗੀ ਨੂੰ ਪੂਰੀ ਤਰ੍ਹਾਂ ਜਾਮ ਕਰਨ ਦਾ ਐਲਾਨ ਕੀਤਾ ਗਿਆ। ਸੰਘਰਸ਼ ਦੇ ਕਨਵੀਨਰ ਗੁਰਨਾਮ ਸਿੱਧੂ ਅਤੇ ਐਡਵੋਕੇਟ ਰੋਹਿਤ ਅਰੋੜਾ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਵਿਭਾਗ ਨੂੰ ਮੰਗ ਪੂਰੀ ਕਰਨ ਲਈ 72 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਲਟਾ ਸ਼ਨੀਵਾਰ ਨੂੰ ਦੋ ਫੂਡ ਸੇਫਟੀ ਇੰਸਪੈਕਟਰਾਂ ਨੂੰ ਜੁਆਇਨ ਕਰਵਾਇਆ ਗਿਆ। ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਦਾਅਵਾ ਕੀਤਾ ਕਿ ਅਭਿਨਵ ਖੋਸਲਾ ਵੱਲੋਂ ਪਿਛਲੇ ਸਾਲਾਂ ਦੌਰਾਨ ਲਗਾਏ ਗਏ ਕਈ ਅਜਿਹੇ ਜੁਰਮਾਨੇ ਵੀ ਵਸੂਲ ਕਰਵਾਏ ਗਏ, ਜੋ ਲੰਬੇ ਸਮੇਂ ਤੋਂ ਬਕਾਇਆ ਪਏ ਸਨ। ਆਗੂਆਂ ਨੇ ਕਿਹਾ ਕਿ ਸੱਤ ਨੰਬਰ ਚੁੰਗੀ ਚੌਕ ਫ਼ਿਰੋਜ਼ਪੁਰ ਨੂੰ ਮੋਗਾ, ਲੁਧਿਆਣਾ, ਫ਼ਾਜ਼ਿਲਕਾ ਅਤੇ ਹੋਰ ਜ਼ਿਲ੍ਹਿਆਂ ਨਾਲ ਜੋੜਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਥੇਬੰਦੀਆਂ ਦੀ ਮੁੱਖ ਮੰਗ ਹੈ ਕਿ ਅਭਿਨਵ ਖੋਸਲਾ ਦੀ ਮੁਅੱਤਲੀ ਰੱਦ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਫ਼ਿਰੋਜ਼ਪੁਰ ਵਿੱਚ ਤਾਇਨਾਤ ਕੀਤਾ ਜਾਵੇ, ਤਾਂ ਜੋ ਜ਼ਿਲ੍ਹੇ ਵਿੱਚ ਮਿਲਾਵਟਖੋਰੀ ਖ਼ਿਲਾਫ਼ ਮੁਹਿੰਮ ਨੂੰ ਮੁੜ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਸਕੇ।