ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਦੀ ਅਗਵਾਈ ’ਚ ਕਾਂਗਰਸ ਨੇ ਕੱਢਿਆ ਰੋਸ ਮਾਰਚ ਮੋਹਨਜੀਤ ਸ਼ੇਰੋਂ ਨੂੰ ਇਨਸਾਫ਼ ਦਿਵਾਉਣ ਲਈ ਰਾਜਾ ਵੜਿੰਗ ਤੇ ਕੁਲਬੀਰ ਜ਼ੀਰਾ ਦੀ ਅਗਵਾਈ ’ਚ ਰੋਸ ਮਾਰਚ
Publish Date: Sun, 06 Sep 2026 05:25 PM (IST)
Updated Date: Sun, 06 Sep 2026 05:28 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰੀ ਉਸ ਵੇਲੇ ਸਿਆਸੀ ਤੌਰ ’ਤੇ ਗਰਮਾ ਗਈ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਕਾਲੇ ਝੰਡੇ ਲਹਿਰਾਉਂਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਸ਼ਹਿਰ ਦੇ ਬਾਜ਼ਾਰਾਂ ਵਿੱਚ ਕੱਢੇ ਗਏ ਰੋਸ ਮਾਰਚ ਦੌਰਾਨ ‘ਪੰਜਾਬ ਸਰਕਾਰ ਮੁਰਦਾਬਾਦ’ ਅਤੇ ‘ਗੈਂਗਸਟਰਵਾਦ ਮੁਰਦਾਬਾਦ’ ਦੇ ਨਾਅਰਿਆਂ ਨਾਲ ਮਾਹੌਲ ਗੂੰਜਦਾ ਰਿਹਾ। ਇਹ ਵਿਰੋਧ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਪ੍ਰੋਗਰਾਮ ਦੌਰਾਨ ਆਪਣੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਨਾਲ ਪੁਲਿਸ ਵੱਲੋਂ ਕੀਤੇ ਕਥਿਤ ਤਸ਼ੱਦਦ ਦੇ ਮਾਮਲੇ ਨੂੰ ਲੈ ਕੇ ਕੀਤਾ ਗਿਆ। ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਮੋਹਨਜੀਤ ਸਿੰਘ ਸ਼ੇਰੋਂ ਨਾਲ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੀੜਤ ਨੌਜਵਾਨ ਦਾ ਮੈਡੀਕਲ ਕਰਵਾਉਣ ਦੀ ਬਜਾਏ ਸਿਰਫ਼ ਡੋਪ ਟੈਸਟ ਕਰਵਾਇਆ ਗਿਆ। ਉਨ੍ਹਾਂ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਡੀਐੱਸਪੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਰਕਾਰ ’ਤੇ ਉਸ ਨੂੰ ਬਚਾਉਣ ਦੇ ਦੋਸ਼ ਲਾਏ। ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਨਸ਼ੇ ਦੀ ਸਮੱਸਿਆ, ਗੈਂਗਸਟਰਵਾਦ ਅਤੇ ਕਾਨੂੰਨ-ਵਿਵਸਥਾ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਲੋਕਤੰਤਰ ਵਿੱਚ ਵਿਰੋਧ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਂਦਾ ਰਹੇਗਾ ਅਤੇ ਜਿੱਥੇ ਵੀ ਮੁੱਖ ਮੰਤਰੀ ਜਾਣਗੇ, ਉੱਥੇ ਕਾਲੇ ਝੰਡੇ ਦਿਖਾ ਕੇ ਵਿਰੋਧ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਡਟ ਕੇ ਖੜ੍ਹੀ ਰਹੇਗੀ। ਵੱਖ-ਵੱਖ ਪਿੰਡਾਂ ਤੋਂ ਕਾਫਲਿਆਂ ਦੇ ਰੂਪ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਦਾ ਇਕੱਠ ਰੋਸ ਰੈਲੀ ਵਿੱਚ ਤਬਦੀਲ ਹੋ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰਕੇ ਕਾਂਗਰਸੀ ਵਰਕਰਾਂ ਨੂੰ ਮੁੱਖ ਮੰਤਰੀ ਦੀ ਰੈਲੀ ਵਾਲੇ ਸਥਾਨ ਵੱਲ ਜਾਣ ਤੋਂ ਰੋਕਿਆ ਗਿਆ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਦਿਹਾਤੀ ਦੇ ਇੰਚਾਰਜ ਆਸ਼ੂ ਬੰਗੜ, ਗੁਰਦੀਪ ਸਿੰਘ ਢਿੱਲੋਂ, ਮਹਿੰਦਰਜੀਤ ਸਿੰਘ ਜੀਰਾ ਸਾਬਕਾ ਚੇਅਰਮੈਨ, ਹਰੀਸ਼ ਜੈਨ ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ, ਮਹਿਕਦੀਪ ਸਿੰਘ ਜ਼ੀਰਾ ਸਕੱਤਰ ਯੂਥ ਕਾਂਗਰਸ ਪੰਜਾਬ, ਲਖਵਿੰਦਰ ਸਿੰਘ ਜੌੜਾ ਬਲਾਕ ਪ੍ਰਧਾਨ, ਕੌਂਸਲਰ ਗੁਰਭਗਤ ਸਿੰਘ ਗੋਰਾ ਗਿੱਲ, ਸਤਪਾਲ ਚਾਵਲਾ ਮੱਲਾਂਵਾਲਾ ਸ਼ਹਿਰੀ ਪ੍ਰਧਾਨ, ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਰੋਸ਼ਨ ਲਾਲ ਬਿੱਟਾ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਰਸ਼ਪਾਲ ਸਿੰਘ, ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਕੌਂਸਲਰ ਰਮਨ ਸ਼ਰਮਾ, ਰੋਮੀ ਚੋਪੜਾ, ਪਰਮਿੰਦਰ ਸਿੰਘ ਲਾਡਾ ਜਨਰਲ ਸਕੱਤਰ ਯੂਥ ਕਾਂਗਰਸ, ਕੌਂਸਲਰ ਅਸ਼ੋਕ ਮਨਚੰਦਾ, ਮਖੂ ਦੇ ਸ਼ਹਿਰੀ ਕਾਂਗਰਸ ਪ੍ਰਧਾਨ ਸ਼ਿਵ ਸਾਗਰ ਸ਼ਰਮਾ, ਸਾਬਕਾ ਪ੍ਰਧਾਨ ਮਹਿੰਦਰ ਮਦਾਨ, ਜੱਸ ਅਲੀਪੁਰ, ਸਾਬਕਾ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ, ਹਰੀਸ਼ ਤਾਂਗੜਾ ਸ਼ਹਿਰੀ ਪ੍ਰਧਾਨ, ਨਵਤੇਜ ਸਿੰਘ ਵਿੱਕੀ, ਜਨਕ ਰਾਜ ਸ਼ਰਮਾ, ਨਿਤੀਸ਼ ਕੁਮਾਰ ਗੋਲੂ ਅਤੇ ਰੂਬਲ ਵਿਰਦੀ ਸਮੇਤ ਅਨੇਕਾਂ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।