ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡੀਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਆਂਗਣਵਾੜੀ ਵਰਕਰਾਂ ਵੱਲੋਂ ਡੀ ਸੀ ਦਫਤਰ ਮੂਹਰੇ ਰੋਸ ਪ੍ਰਦਰਸ਼ਨ
Publish Date: Fri, 18 Sep 2026 07:09 PM (IST)
Updated Date: Fri, 18 Sep 2026 07:11 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸ਼ੁੱਕਰਵਾਰ ਦੁਪਹਿਰ ਸਮੇਂ ਫਿਰੋਜ਼ਪੁਰ ਦੇ ਡਿਪਟੀ ਦਫਤਰ ਕੰਪਲੈਕਸ ਸਾਹਮਣੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਦੌਰਾਨ ਨਾਅਰੇਬਾਜ਼ੀ ਕਰ ਰਹੀਆਂ ਸੈਂਕੜਿਆਂ ਦੀ ਤਾਦਾਦ ਵਿੱਚ ਆਂਗਣਵਾੜੀ ਵਰਕਰਜ਼ ਨੂੰ ਕੰਪਲੈਕਸ ਅੰਦਰ ਆਉਣ ਤੋਂ ਰੋਕਣ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਗੇਟ ਬੰਦ ਕਰ ਦਿੱਤੇ ਗਏ ,ਪਰ ਆਂਗਣਵਾੜੀ ਵਰਕਰਜ਼ ਦੇ ਜੋਰ ਸਾਹਮਣੇ ਪੁਲਿਸ ਦੀ ਸਖਤੀ ਕੰਮ ਨਾ ਆਈ।ਇਸ ਦੌਰਾਨ ਜ਼ਿਆਦਾਤਰ ਆਂਗਣਵਾੜੀ ਵਰਕਰਜ਼ ਗੇਟ ਦੇ ਉੱਪਰੋਂ ਟੱਪ ਕੇ ਡੀ ਸੀਕੰਪਲੈਕਸ ਦੇ ਅੰਦਰ ਆ ਗਈਆਂ।ਇਸ ਦੌਰਾਨ ਡੀ ਸੀ ਕੰਪਲੈਕਸ ਦੇ ਪੋਰਚ ਵਿੱਚ ਗੇਟ ਜਾਮ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਮੌਕੇ ਜਿਥੇ ਜਦੋਂ ਆਂਗਣਵਾਡੀ ਵਰਕਰਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰ ਰਹੀਆਂ ਸਨ,ਉਸ ਮੌਕੇ ਡਿਪਟੀ ਕਮਿਸ਼ਨਰ ਕੰਪਲੈਕਸ ਅੰਦਰ ਮੋਜੂਦ ਨਹੀਂ ਸਨ। ਕਾਫੀ ਦੇਰ ਨਾਅਰੇਬਾਜ਼ੀ ਮਗਰੋਂ ਐਸਡੀਐਮ ਅਭੀਸ਼ੇਕ ਸ਼ਰਮਾ ਨੇ ਹੇਠਾਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲਿਆ। ਯੁਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਪਹੁੰਚੀਆਂ ਆਂਗਣਵਾੜੀ ਵਰਕਰਜ਼ ਨੇ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਉੱਤੇ ਨੀਲੇ (ਰਾਸ਼ਨ) ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਕਰਨ ਲਈ ਕੋਈ ਦਬਾਅ ਨਾ ਪਾਇਆ ਜਾਵੇ। ਹਰਗੋਬਿੰਦ ਕੌਰ ਨੇ ਦੱਸਿਆ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਆਪਣੇ ਵਿਭਾਗ ਦੇ ਮੁੱਖ ਕੰਮਾਂ ਤੋਂ ਇਲਾਵਾ ਹੋਰ ਕੋਈ ਵੀ ਵਾਧੂ ਕੰਮ ਨਹੀਂ ਕਰਨਗੀਆਂ। ਯੂਨੀਅਨ ਵੱਲੋਂ ਨੀਲੇ ਕਾਰਡ ਵੈਰੀਫਿਕੇਸ਼ਨ ਦੇ ਕੰਮ ਦਾ ਪੂਰਨ ਵਿਰੋਧ ਅਤੇ ਬਾਈਕਾਟ ਕੀਤਾ ਜਾਂਦਾ ਹੈ।ਹਰਗੋਬਿੰਦ ਕੌਰ ਨੇ ਸਮੂਹ ਆਂਗਣਵਾੜੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਕਿਸੇ ਵੀ ਅਨੁਚਿਤ ਦਬਾਅ ਹੇਠ ਨਾ ਆਉਣ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਡਰਾ-ਧਮਕਾ ਕੇ ਕੰਮ ਲੈਣਾ ਚਾਹੁੰਦੀ ਹੈ, ਜਦਕਿ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦਾ ਮਾਣ-ਭੱਤਾ ਵੀ ਸਮੇਂ ਸਿਰ ਨਹੀਂ ਦਿੱਤਾ ਜਾ ਰਿਹਾ।ਉਨ੍ਹਾਂ ਆਖਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਆਂਗਣਵਾੜੀ ਕੇਂਦਰਾਂ ਵਿੱਚ ਲਾਭਪਾਤਰੀਆਂ ਲਈ ਰਾਸ਼ਨ ਤੱਕ ਨਹੀਂ ਪਹੁੰਚਿਆ। ਸਰਕਾਰ ਨਵੀਆਂ ਸੁਵਿਧਾਵਾਂ ਦੇਣ ਦੀ ਬਜਾਏ ਆਂਗਣਵਾੜੀ ਵਰਕਰਾਂ ਨੂੰ ਪਰੇਸ਼ਾਨ ਕਰਨ ਚ ਲੱਗੀ ਹੋਈ ਹੈ।ਇਸ ਮੌਕੇ ਸ਼ੀਲਾ ਰਾਣੀ ਜ਼ਿਲ੍ਹਾ ਪ੍ਰਧਾਨ, ਕੁਲਜੀਤ ਕੌਰ ਬਲਾਕ ਪ੍ਰਧਾਨ ਗੁਰੂਹਰਸਹਾਏ, ਪ੍ਰਕਾਸ਼ ਕੌਰ ਬਲਾਕ ਪ੍ਰਧਾਨ ਮਮਦੋਟ, ਕੁਲਵਿੰਦਰ ਕੌਰ, ਅਤੇ ਬਠਿੰਡਾ-ਨਥਾਣਾ ਬਲਾਕ ਦੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਹਾਜ਼ਰ ਸਨ।