- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ ਦੀਆਂ ਤਿਆਰੀਆਂ ਜ਼ੋਰਾਂ ’ਤੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਮਾਸਟਰ ਅਥਲੈਟਿਕ ਫੈਡਰੇਸ਼ਨ ਆਫ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧਵਾਂ, ਸਕੱਤਰ ਪ੍ਰਗਟ ਸਿੰਘ ਗਿੱਲ ਅਤੇ ਚੇਅਰਮੈਨ ਰਜਵੰਤ ਸਿੰਘ ਘੁੱਲੀ (ਆਫਿਸ ਇੰਚਾਰਜ, ਮੁੱਖ ਮੰਤਰੀ ਪੰਜਾਬ) ਦੀ ਅਗਵਾਈ ਹੇਠ ਪਹਿਲੀ ਸਟੇਟ ਮਾਸਟਰਜ਼ ਅਥਲੈਟਿਕਸ ਮੀਟ 14 ਅਤੇ 15 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ, ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਰਨ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਖੇਡ ਮਹਾਂਕੁੰਭ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਮਾਸਟਰਜ਼ ਅਥਲੈਟਿਕਸ ਐਸੋਸੀਏਸ਼ਨ ਫ਼ਿਰੋਜ਼ਪੁਰ ਵੱਲੋਂ ਸਟੇਡੀਅਮ ਵਿਖੇ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਈਸ਼ਵਰ ਸ਼ਰਮਾ ਨੇ ਦੱਸਿਆ ਕਿ ਇਸ ਮੀਟ ਦਾ ਮੁੱਖ ਉਦੇਸ਼ ਹਰ ਉਮਰ ਵਰਗ ਦੇ ਲੋਕਾਂ ਵਿੱਚ ਖੇਡ ਸੱਭਿਆਚਾਰ, ਸਰੀਰਕ ਤੰਦਰੁਸਤੀ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਥਲੈਟਿਕਸ ਕੇਵਲ ਮੈਡਲ ਜਿੱਤਣ ਜਾਂ ਮੁਕਾਬਲਿਆਂ ਤੱਕ ਸੀਮਤ ਨਹੀਂ, ਸਗੋਂ ਇਹ ਮਨੁੱਖ ਨੂੰ ਅਨੁਸ਼ਾਸਨ, ਸਵੈ-ਵਿਸ਼ਵਾਸ ਅਤੇ ਸਰਗਰਮ ਜੀਵਨ ਜਿਊਣ ਦੀ ਪ੍ਰੇਰਨਾ ਵੀ ਦਿੰਦੀ ਹੈ। ਇਹ ਮੀਟ ਤਜਰਬੇਕਾਰ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ। ਉਨ੍ਹਾਂ ਦੱਸਿਆ ਕਿ ਇਸ ਸਟੇਟ ਮੀਟ ਦੀ ਵਿਸ਼ੇਸ਼ ਖਿੱਚ ਇਹ ਹੋਵੇਗੀ ਕਿ ਇਸ ਵਿਚ 35 ਸਾਲ ਤੋਂ ਲੈ ਕੇ 100 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਵੀ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਹ ਖੇਡ ਸਮਾਗਮ ਇਸ ਗੱਲ ਦਾ ਪ੍ਰਤੱਖ ਸਬੂਤ ਹੋਵੇਗਾ ਕਿ ਖੇਡਾਂ ਵਿੱਚ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ, ਸਗੋਂ ਦ੍ਰਿੜ੍ਹ ਇਰਾਦੇ ਅਤੇ ਖੇਡ ਜਜ਼ਬੇ ਨਾਲ ਕਿਸੇ ਵੀ ਉਮਰ ਵਿੱਚ ਤੰਦਰੁਸਤੀ ਅਤੇ ਸਰਗਰਮੀ ਬਰਕਰਾਰ ਰੱਖੀ ਜਾ ਸਕਦੀ ਹੈ। ਮੀਟ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਟਰੈਕ ਮੁਕਾਬਲਿਆਂ ਵਿੱਚ 100, 200, 400, 800, 1500 ਅਤੇ 3000 ਮੀਟਰ ਦੌੜਾਂ ਤੋਂ ਇਲਾਵਾ 3000 ਅਤੇ 5000 ਮੀਟਰ ਪੈਦਲ ਚਾਲ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਫੀਲਡ ਈਵੈਂਟਸ ਵਿੱਚ ਲੰਬੀ ਛਾਲ, ਉੱਚੀ ਛਾਲ, ਤੀਹਰੀ ਛਾਲ, ਗੋਲਾ ਸੁੱਟਣਾ, ਡਿਸਕਸ ਥਰੋਅ, ਜੈਵਲਿਨ ਥਰੋਅ ਅਤੇ ਹੈਮਰ ਥਰੋਅ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ 40 ਤੋਂ 80 ਸਾਲ ਉਮਰ ਵਰਗ ਦੇ ਖਿਡਾਰੀਆਂ ਲਈ ਪੋਲ ਵਾਲਟ ਦੇ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਮੂਹ ਖਿਡਾਰੀਆਂ, ਖੇਡ ਪ੍ਰੇਮੀਆਂ ਅਤੇ ਸਿਹਤ ਪ੍ਰਤੀ ਜਾਗਰੂਕ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਖੇਡ ਸਮਾਗਮ ਵਿੱਚ ਸ਼ਮੂਲੀਅਤ ਕਰਨ ਅਤੇ ਖਿਡਾਰੀਆਂ ਦਾ ਹੌਸਲਾ ਵਧਾ ਕੇ ਇਸ ਨੂੰ ਯਾਦਗਾਰੀ ਸਫ਼ਲਤਾ ਪ੍ਰਦਾਨ ਕਰਨ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗੁਰਦਿਆਲ ਸਿੰਘ ਵਿਰਕ, ਪ੍ਰਗਟ ਸਿੰਘ ਗਿੱਲ, ਕੈਸ਼ੀਅਰ ਦਲੀਪ ਸਿੰਘ ਸੰਧੂ, ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭਾਵੜਾ, ਜਗਤਾਰ ਸਿੰਘ, ਬਲਦੇਵ ਰਾਜ ਸ਼ਰਮਾ, ਜਗੀਰ ਸਿੰਘ, ਕੇਵਲ ਕ੍ਰਿਸ਼ਨ, ਹਰ ਬਰਿੰਦਰ ਸਿੰਘ, ਸਤਿੰਦਰ ਸਿੰਘ ਬਾਠ, ਨੇਹਾ ਖਾਨ, ਰਾਕੇਸ਼ ਸ਼ਰਮਾ, ਹਰਬਰਿੰਦਰ ਸਿੰਘ, ਸਰਬਜੀਤ ਸਿੰਘ ਸਾਬਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।