ਹਰੀ ਕੇ ਪੱਤਣ ਦਾ ਨਵਾਂ ਨਾਂਅ ਹੋਵੇਗਾ ‘ਸ਼ਹੀਦੀ ਪੱਤਣ’ ; ਜਥੇਦਾਰ ਗੜਗੱਜ ਹਰੀਕੇ ਪੱਤਣ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਸਮੂਹ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ
Publish Date: Wed, 15 Jul 2026 06:27 PM (IST)
Updated Date: Wed, 15 Jul 2026 06:28 PM (IST)
ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਤਲੁਜ ਅਤੇ ਬਿਆਸ ਦੇ ਸੰਗਮ ਹਰੀਕੇ ਪੱਤਣ ’ਤੇ ਜਸਵੰਤ ਸਿੰਘ ਖਾਲੜਾ ਸਮੇਤ 1984 ਤੇ ਉਸ ਤੋਂ ਬਾਅਦ ਦੇ ਦਹਾਕੇ ਦੌਰਾਨ ਜਾਨਾਂ ਗੁਆਉਣ ਵਾਲਿਆਂ ਦੀ ਯਾਦ ’ਚ ਅਰਦਾਸ ਸਮਾਗਮ ਕਰਵਾਇਆ ਗਿਆ। ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ ਗਿਆ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਰਦਾਸ ਕਰਦਿਆਂ ਉਨ੍ਹਾਂ ਸਾਰੇ ਨਿਰਦੋਸ਼ ਲੋਕਾਂ ਨੂੰ ਯਾਦ ਕੀਤਾ ਜਿਨ੍ਹਾਂ ਨੂੰ ਕਤਲ ਕਰਕੇ ਲਾਵਾਰਿਸ ਕਹਿ ਸਾੜਿਆ ਜਾਂ ਦਰਿਆਵਾਂ ਵਿੱਚ ਵਹਾ ਦਿੱਤਾ ਗਿਆ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖ਼ਸ਼ੀ ਜਾਵੇ ਅਤੇ ਪੰਥ ਨੂੰ ਇਨਸਾਫ਼ ਲਈ ਸੰਘਰਸ਼ ਕਰਨ ਦਾ ਬਲ ਮਿਲੇ। ਆਪਣੇ ਸੰਦੇਸ਼ ਵਿਚ ਉਨ੍ਹਾਂ ਆਪਸੀ ਸਦਭਾਵਨਾ, ਸਾਂਝੀਵਾਲਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਹੋਕਾ ਦਿੰਦਿਆਂ ਕਿਹਾ ਕਿ ਜ਼ੁਲਮ ਕਿਸੇ ਨਾਲ ਵੀ ਹੋਵੇ, ਉਸ ਦੇ ਖ਼ਿਲਾਫ਼ ਆਵਾਜ਼ ਉੱਠਾਉਣਾ ਹਰ ਇਨਸਾਨ ਦਾ ਫ਼ਰਜ਼ ਹੈ। ਸਮਾਗਮ ਦੌਰਾਨ ਜਥੇਦਾਰ ਗੜਗੱਜ ਨੇ ਦੋ ਐਲਾਨ ਕਰਦਿਆਂ ਕਿਹਾ ਕਿ ਹਰੀਕੇ ਪੱਤਣ ਨੂੰ ਹੁਣ ਸ਼ਹੀਦੀ ਪੱਤਣ ਵਜੋਂ ਜਾਣਿਆ ਜਾਵੇਗਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਸ਼ਹੀਦਾਂ ਦੀ ਸਥਾਈ ਯਾਦਗਾਰ ਉਸਾਰੇਗੀ। ਇਸ ਦੇ ਨਾਲ ਹੀ 1982 ਤੋਂ 1995 ਤੱਕ ਲਾਵਾਰਿਸ ਕਹਿ ਕੇ ਸਸਕਾਰ ਕੀਤੇ ਗਏ ਲੋਕਾਂ ਦਾ ਦਸਤਾਵੇਜ਼ੀਕਰਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਿਕਾਰਡ ਦਾ ਹਿੱਸਾ ਬਣਾਇਆ ਜਾਵੇਗਾ। ਇਸ ਮੌਕੇ ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਸੱਚ ਅਤੇ ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਕੁਰਬਾਨ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹੀਦੀ ਯਾਦਗਾਰ ਵਿੱਚ ਸਮੂਹ ਸ਼ਹੀਦਾਂ ਦੇ ਨਾਮ ਦਰਜ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਸਦਾ ਲਈ ਸਾਂਭਣ ਦਾ ਉਪਰਾਲਾ ਕੀਤਾ ਜਾਵੇਗਾ। ਸਮਾਗਮ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਗੁਰਬਚਨ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਲਜੀਤ ਸਿੰਘ ਜਲਾਲਉਸਮਾ, ਭਾਈ ਮਨਜੀਤ ਸਿੰਘ, ਗੁਰਮੀਤ ਸਿੰਘ ਬੂਹ, ਖੁਸ਼ਵਿੰਦਰ ਸਿੰਘ ਭਾਟੀਆ, ਜਰਨੈਲ ਸਿੰਘ ਡੋਗਰਾਂਵਾਲ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰਸ ਸਿੰਘ ਪੰਨੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਈਮਾਨ ਸਿੰਘ ਮਾਨ, ਦਲ ਖ਼ਾਲਸਾ ਤੋਂ ਕੰਵਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਬਿਜੈ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ, ਇੰਚਾਰਜ ਜਗਦੀਸ਼ ਸਿੰਘ ਬੁੱਟਰ, ਜਸਕਰਨ ਸਿੰਘ ਮੀਡੀਆ ਸਲਾਹਕਾਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸਨ।