ਬਿਜਲੀ ਖਪਤਕਾਰਾਂ ਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਦਾ ਕੀਤਾ ਨਿਪਟਾਰਾ ਪਾਵਰਕਾਮ ਵੱਲੋਂ ਫ਼ਿਰੋਜ਼ਪੁਰ ’ਚ ਪਬਲਿਕ ਮਿਲਣੀ
Publish Date: Fri, 07 Aug 2026 06:08 PM (IST)
Updated Date: Fri, 07 Aug 2026 06:11 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸੀਐੱਮਡੀ ਪਾਵਰਕਾਮ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵੰਡ ਹਲਕੇ ਦੇ ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦਾ ਮੌਕੇ ’ਤੇ ਹੱਲ ਕਰਨ ਲਈ ਫ਼ਿਰੋਜ਼ਪੁਰ ਵਿਖੇ ਇਕ ਵਿਸ਼ੇਸ਼ ‘ਪਬਲਿਕ ਮਿਲਣੀ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੀਐੱਸਪੀਸੀਐੱਲ ਪਟਿਆਲਾ ਦੇ ਡਾਇਰੈਕਟਰ/ਕਮਰਸ਼ੀਅਲ ਇੰਜ. ਹਰਸ਼ਰਨ ਕੌਰ ਤੇਹਨ ਵੱਲੋਂ ਕੀਤੀ ਗਈ। ਇਸ ਮੀਟਿੰਗ ਵਿਚ ਫ਼ਿਰੋਜ਼ਪੁਰ, ਜ਼ੀਰਾ, ਜਲਾਲਾਬਾਦ, ਮੋਗਾ, ਫ਼ਰੀਦਕੋਟ ਅਤੇ ਬਾਘਾਪੁਰਾਣਾ ਖੇਤਰ ਦੇ ਉਦਯੋਗਿਕ, ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਖਪਤਕਾਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਸਟਾਫ਼ ਦੀ ਘਾਟ ਜਲਦ ਹੋਵੇਗੀ ਪੂਰੀ ਪਬਲਿਕ ਮਿਲਣੀ ਦੌਰਾਨ ਵੱਖ-ਵੱਖ ਉਦਯੋਗਿਕ ਅਤੇ ਆੜ੍ਹਤੀਆ ਐਸੋਸੀਏਸ਼ਨਾਂ ਦੇ ਆਗੂਆਂ ਵੱਲੋਂ ਸਥਾਨਕ ਦਫ਼ਤਰਾਂ ਵਿਚ ਸਟਾਫ਼ (ਜਿਵੇਂ ਕਿ ਰੈਵੀਨਿਊ ਅਕਾਊਂਟੈਂਟ, ਜੂਨੀਅਰ ਇੰਜੀਨੀਅਰ ਅਤੇ ਐੱਸਡੀਓ) ਦੀ ਘਾਟ ਕਾਰਨ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਮੁੱਖ ਰੱਖਿਆ ਗਿਆ। ਇਸ ’ਤੇ ਡਾਇਰੈਕਟਰ ਇੰਜ. ਹਰਸ਼ਰਨ ਕੌਰ ਤੇਹਨ ਨੇ ਭਰੋਸਾ ਦਿਵਾਇਆ ਕਿ ਪਾਵਰਕਾਮ ਵੱਲੋਂ ਵੱਖ-ਵੱਖ ਕੈਟਾਗਰੀਆਂ ਅਧੀਨ ਭਰਤੀ ਪ੍ਰਕਿਰਿਆ ਅੰਤਿਮ ਪੜਾਅ ’ਤੇ ਹੈ ਅਤੇ ਜਲਦ ਹੀ ਨਵੇਂ ਕਰਮਚਾਰੀਆਂ ਦੀ ਤੈਨਾਤੀ ਕਰਕੇ ਸਟਾਫ਼ ਦੀ ਘਾਟ ਨੂੰ ਪੂਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਦਯੋਗਿਕ ਵਰਗ ਨਾਲ ਸਬੰਧਤ ਬਿਲਿੰਗ ਅਤੇ ਸੋਲਰ ਮੀਟਰਾਂ ਦੀਆਂ ਸਮੱਸਿਆਵਾਂ ਦਾ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਮੌਕੇ ’ਤੇ ਹੀ ਹੱਲ ਕੀਤਾ ਗਿਆ। ਫ਼ਿਰੋਜ਼ਪੁਰ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਝੋਕ ਹਰੀ ਹਰ ਬਿਜਲੀ ਘਰ ਨੂੰ 66 ਕੇਵੀ ਤੋਂ 220 ਕੇਵੀ ਵਿਚ ਅਪਗ੍ਰੇਡ ਕਰਨ ਦੇ ਕੰਮ ਦੀ ਸਮੀਖਿਆ ਕੀਤੀ ਗਈ। ਡਾਇਰੈਕਟਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੈਂਡਿੰਗ ਕੰਮਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ, ਜਿਸ ਨਾਲ ਇਲਾਕੇ ਵਿਚ ਬਿਜਲੀ ਕੱਟਾਂ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਇਸ ਪਬਲਿਕ ਮਿਲਣੀ ਵਿਚ ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਜੀਪੀਐੱਸ ਖੰਨਾ ਪ੍ਰਧਾਨ ਐਗਰੋ ਇੰਡਸਟਰੀਜ਼ ਮੋਗਾ, ਸ਼ਮੀਰ ਜੈਨ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੋਗਾ), ਰਾਜੂ ਚਾਵਲਾ, ਮਦਨ ਬਜਾਜ ਸਮੇਤ ਕਈ ਆਗੂ ਹਾਜ਼ਰ ਸਨ। ਪਾਵਰਕਾਮ ਵੱਲੋਂ ਮੁੱਖ ਇੰਜੀਨੀਅਰ ਇੰਜ: ਐੱਨ.ਕੇ. ਜਿੰਦਲ, ਨਿਗਰਾਨ ਇੰਜੀਨੀਅਰ ਇੰਜ. ਗੁਰਪ੍ਰੀਤ ਸਿੰਘ ਪੁਰੇਵਾਲ, ਇੰਜ. ਹਰਪ੍ਰੀਤ ਕੌਰ ਫ਼ਿਰੋਜ਼ਪੁਰ, ਇੰਜ. ਭੁਪਿੰਦਰ ਸਿੰਘ ਫ਼ਰੀਦਕੋਟ ਅਤੇ ਇੰਜ. ਚੰਦਨ ਪ੍ਰਕਾਸ਼ ਸਮੇਤ ਸਮੂਹ ਅਧਿਕਾਰੀ ਮੌਜ਼ੂਦ ਸਨ।