ਅੰਕੜਾ ਵਿੰਗ ਤੋਂ ਫ਼ੀਲਡ ਦੇ ਗੈਰ ਤਜ਼ੁਰਬੇਕਾਰ ਅਧਿਕਾਰੀ ਦੀ ਤਾਇਨਾਤੀ ਕਰਨ ਨਾਲ ਸੂਬਾ ਖਾਦ ਸੰਕਟ ਵੱਲ ਜਾਵੇਗਾ : ਡਾ. ਘੁੰਮਣ ਅੰਕੜਾ ਵਿੰਗ ਤੋਂ ਫ਼ੀਲਡ ਦੇ ਗੈਰ ਤਜ਼ੁਰਬੇਕਾਰ ਅਧਿਕਾਰੀ ਦੀ ਤਾਇਨਾਤੀ ਕਰਨ ਨਾਲ ਸੂਬਾ ਖਾਦ ਸੰਕਟ ਵੱਲ ਜਾਵੇਗਾ: ਡਾ.ਹਰਮਨਦੀਪ ਸਿੰਘ ਘੁੰਮਣ
Publish Date: Fri, 18 Sep 2026 04:39 PM (IST)
Updated Date: Fri, 18 Sep 2026 04:41 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਬਿਜਲੀ ਸੰਕਟ ’ਚੋਂ ਹਾਲੇ ਪੰਜਾਬ ਨਿਕਲਿਆ ਨਹੀਂ ਕਿ ਹੁਣ ਖੇਤੀਬਾੜੀ ਵਿਭਾਗ ਵਿਚ ਨਵਾਂ ਤਜਰਬਾ ਕਰਕੇ ਖਾਦ ਸੰਕਟ ਵੱਲ ਧੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਆਗੂ ਡਾ. ਹਰਮਨਦੀਪ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਵਿੱਚ ਅਕਤੂਬਰ ਮਹੀਨੇ ਤੋਂ ਹਾੜੀ ਦੀਆਂ ਫਸਲਾਂ ਆਲੂ, ਕਣਕ ਆਦਿ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਜਿਸ ਲਈ ਬਿਜਾਈ ਸਮੇਂ ਪੈਣ ਵਾਲੀਆਂ ਖਾਦਾਂ ਦੀ ਕਿਸਾਨ ਨੂੰ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਖਾਦਾਂ ਜਿਵੇਂ ਡੀਏਪੀ, ਯੂਰੀਆ ਆਦਿ ਨਾਲ ਟੈਗਿੰਗ ਦੀ ਬਹੁਤ ਵੱਡੀ ਸਮੱਸਿਆ ਵੀ ਇਨ੍ਹਾਂ ਦਿਨਾਂ ਵਿੱਚ ਸੁਰਖੀਆਂ ਵਿੱਚ ਰਹਿੰਦੀ ਹੈ। ਸੂਬੇ ਵਿਚ ਡਾਇਰੈਕਟਰ ਖੇਤੀਬਾੜੀ ਦੀ ਅਗਵਾਈ ਵਿੱਚ ਸਮੇਂ ਸਿਰ ਇਹ ਸਾਰਾ ਖਾਦ ਪ੍ਰਬੰਧਨ, ਕਿਸਾਨ ਨੂੰ ਮਿਆਰੀ ਖਾਦਾਂ ਮੁਹੱਈਆ ਕਰਵਾਉਣ, ਟੈਗਿੰਗ ਆਦਿ ਨੂੰ ਕੰਟਰੋਲ ਕਰਨ ਦਾ ਕੰਮਕਾਜ ਜੁਆਇੰਟ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਵੱਲੋਂ ਕੀਤਾ ਜਾਂਦਾ ਹੈ। ਪੰਜਾਬ ਐਗਰੀਕਲਚਰਲ ਸਰਵਿਸਜ਼ ਰੂਲਜ 2013 ਰੂਲਾਂ ਅਨੁਸਾਰ ਇਸ ਅਸਾਮੀ ਤੇ ਖੇਤੀਬਾੜੀ ਵਿਸੇ਼ ਦੀ ਪੜ੍ਹਾਈ ਕੀਤਾ ਅਧਿਕਾਰੀ ਜੋ ਫੀਲਡ ਵਿੱਚ ਵੱਖ ਅਸਾਮੀਆਂ ਤੇ ਕੰਮਕਾਜ ਕਰਨ ਬਾਅਦ ਇਥੋਂ ਤੱਕ ਪਹੁੰਚਦਾ ਹੈ ਉਸ ਦੀ ਹੀ ਤੈਨਾਤੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹੁਣ 31 ਅਗਸਤ ਨੂੰ ਇਸ ਅਸਾਮੀ ਤੇ ਤੈਨਾਤ ਅਧਿਕਾਰੀ ਦੀ ਸੇਵਾਮੁਕਤੀ ਉਪਰੰਤ ਖੇਤੀਬਾੜੀ ਵਿਭਾਗ ਵਿਚ ਇਸ ਅਸਾਮੀ ਲਈ ਪੰਜ ਯੋਗ ਅਫ਼ਸਰ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਅੰਕੜਾ ਵਿੰਗ ਦੇ ਇੱਕ ਅਧਿਕਾਰੀ ਜਿਸ ਕੋਲ ਫੀਲਡ ਦਾ ਕੋਈ ਤਜਰਬਾ ਨਹੀਂ ਉਸ ਦੀ ਇਸ ਅਹਿਮ ਅਸਾਮੀ ਤੇ ਤੈਨਾਤੀ ਕੀਤੀ ਗਈ ਹੈ। ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਡਾ. ਹਰਮਨਦੀਪ ਸਿੰਘ ਘੁੰਮਣ, ਮਨਜਿੰਦਰ ਸਿੰਘ, ਸਤਵਿੰਦਰਬੀਰ ਸਿੰਘ, ਗੁਰਵੰਤ ਸਿੰਘ, ਵਿਕਰਾਂਤ, ਜਸਪਾਲ ਸਿੰਘ ਧੰਜੂ, ਸੁਖਚੈਨ ਸਿੰਘ, ਪ੍ਰਦੀਪ ਸਿੰਘ, ਅਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰਾਂ ਨਾਨ ਟੈਕਨੀਕਲ ਅਧਿਕਾਰੀ ਜਿਸ ਕੋਲ ਫੀਲਡ ਦਾ ਕੋਈ ਤਜਰਬਾ ਨਹੀਂ ਉਸ ਦੀ ਤੈਨਾਤੀ ਇਸ ਅਹਿਮ ਅਸਾਮੀ ਤੇ ਕਰਨ ਨਾਲ ਜਿਥੇ ਖਾਦ ਕੰਟਰੋਲ ਆਰਡਰ 1985 ਦੀ ਉਲੰਘਣਾ ਕੀਤੀ ਗਈ ਉੱਥੇ ਹੀ ਸਰਕਾਰ ਦਾ ਕਾਰਪੋਰੇਟ ਪੱਖੀ ਹੋਣ ਦਾ ਸਬੂਤ ਵੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨੀ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਅਹਿਮ ਅਸਾਮੀ ਤੇ ਖੇਤੀ ਟੈਕਨੋਕਰੇਟ ਦੀ ਤੈਨਾਤੀ ਹੀ ਕਰੇ।