ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਖੇਡ ਮੇਲੇ ਦਾ ਪੋਸਟਰ ਰਿਲੀਜ਼
ਸੰਤ ਬਾਬਾ ਅਮਰਜੀਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਖੇਡ ਮੇਲੇ ਦਾ ਪੋਸਟਰ ਕੀਤਾ ਗਿਆ ਜਾਰੀ
Publish Date: Mon, 23 Feb 2026 06:42 PM (IST)
Updated Date: Mon, 23 Feb 2026 06:46 PM (IST)

ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਇਲਾਕੇ ਦੀ ਨਾਮਵਰ ਧਾਰਮਿਕ ਅਤੇ ਖੇਡ ਸ਼ਖਸੀਅਤ ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਤ ਅਮਰਜੀਤ ਸਿੰਘ ਸਪੋਰਟਸ ਕਲੱਬ ਮੁੱਦਕੀ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ 27 ਅਤੇ 28 ਫਰਵਰੀ ਨੂੰ ਦੋ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਖੇਡ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੰਦਿਆਂ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਖੇਡ ਮੇਲੇ ਦਾ ਪੋਸਟਰ ਰਸਮੀ ਤੌਰ ’ਤੇ ਜਾਰੀ ਕੀਤਾ ਗਿਆ।ਪੋਸਟਰ ਜਾਰੀ ਕਰਨ ਤੋਂ ਪਹਿਲਾਂ ਸਪੋਰਟਸ ਕਲੱਬ ਦੀ ਇਕ ਮੀਟਿੰਗ ਹੋਈ, ਜਿਸ ਵਿਚ 28ਵੇਂ ਪੇਂਡੂ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਨੇ ਆਪਣੇ ਕੀਮਤੀ ਸੁਝਾਅ ਦਿੱਤੇ, ਜਿਸ ਤੋਂ ਬਾਅਦ ਖੇਡਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ ਤਾਂ ਜੋ ਆਉਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਤੋਂ ਪਹਿਲਾਂ 26 ਫਰਵਰੀ ਨੂੰ ਗੁਰਦੁਆਰਾ ਸਾਹਿਬ ਸ਼ਹੀਦ ਗੰਜ ਮੁੱਦਕੀ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਹ ਸਮਾਗਮ ਸੰਤ ਬਾਬਾ ਸਾਹਿਬੇਗ ਸਿੰਘ, ਸੰਤ ਬਾਬਾ ਗਿਆਨੀ ਭੋਲਾ ਸਿੰਘ, ਸੰਤ ਬਾਬਾ ਅਮਰਜੀਤ ਸਿੰਘ, ਸੰਤ ਬਾਬਾ ਗੁਰਬਖਸ਼ ਸਿੰਘ ਅਤੇ ਸੰਤ ਬਾਬਾ ਗੁਰਦੀਪ ਸਿੰਘ ਦੀ ਸਾਂਝੀ ਬਰਸੀ ਨੂੰ ਸਮਰਪਿਤ ਹੋਵੇਗਾ। ਇਸ ਉਪਰੰਤ 27 ਅਤੇ 28 ਫਰਵਰੀ ਨੂੰ ਸਟੇਡੀਅਮ ਵਿਚ ਕਬੱਡੀ ਦੇ ਦਿਲਚਸਪ ਮੁਕਾਬਲੇ ਹੋਣਗੇ। ਇਸ ਖੇਡ ਮੇਲੇ ਵਿਚ ਕਬੱਡੀ 38 ਕਿਲੋ, 48 ਕਿਲੋ ਅਤੇ 60 ਕਿਲੋ ਭਾਰ ਵਰਗ ਦੇ ਮੁਕਾਬਲੇ ਹੋਣਗੇ। ਕਬੱਡੀ ਓਪਨ ਦੀਆਂ ਚੋਟੀ ਦੀਆਂ ਟੀਮਾਂ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਮਾਸਟਰ ਛਿੰਦਰ ਸਿੰਘ ਪੀਟੀ, ਗੁਰਮੇਲ ਸਿੰਘ ਖੋਸਾ, ਸੀਤਲ ਅਗਰਵਾਲ, ਜੋਗਿੰਦਰ ਸਿੰਘ ਸੰਧੂ, ਜੋਧ ਸਿੰਘ, ਸਤਨਾਮ ਸਿੰਘ ਬਾਸੀ, ਜਥੇਦਾਰ ਪਰਮਜੀਤ ਸਿੰਘ, ਬਾਬਾ ਮਨਜੀਤ ਸਿੰਘ, ਸਰਬਜੋਤ ਸਿੰਘ, ਪਵਿੱਤਰ ਸਿੰਘ ਭੈਲ, ਗੁਰਵੀਰ ਸਿੰਘ ਖੋਸਾ, ਗੁਰਚਰਨ ਸਿੰਘ ਗਿੱਲ ਅਤੇ ਹੋਰ ਕਈ ਕਲੱਬ ਮੈਂਬਰ ਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।