ਅਫ਼ੀਮ ਬਰਾਮਦਗੀ ਤੋਂ ਛਿੜੀ ਸਿਆਸੀ ਜੰਗ, ਦੋਸ਼ਾਂ ਦੀ ਨਹੀਂ, ਤੱਥਾਂ ਦੀ ਹੋਵੇ ਜਾਂਚ : ਕੁਲਬੀਰ ਜ਼ੀਰਾ ਅਫ਼ੀਮ ਬਰਾਮਦਗੀ ਤੋਂ ਛਿੜੀ ਸਿਆਸੀ ਜੰਗ, ਦੋਸ਼ਾਂ ਦੀ ਨਹੀਂ, ਤੱਥਾਂ ਦੀ ਹੋਵੇ ਜਾਂਚ: ਕੁਲਬੀਰ ਜ਼ੀਰਾ
Publish Date: Wed, 21 Oct 2026 04:27 PM (IST)
Updated Date: Wed, 21 Oct 2026 04:30 PM (IST)
ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪੰਨੂ ਵੱਲੋਂ ਸੋਸ਼ਲ ਮੀਡੀਆ ’ਤੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਕੋਲੋਂ ਅਫ਼ੀਮ ਬਰਾਮਦ ਹੋਣ ਸਬੰਧੀ ਪੋਸਟ ਸਾਂਝੀ ਕਰਨ ਤੋਂ ਬਾਅਦ ਸੂਬੇ ਦੀ ਸਿਆਸਤ ’ਚ ਨਵੀਂ ਚਰਚਾ ਛਿੜ ਗਈ ਹੈ। ਇਸ ਮਾਮਲੇ ’ਤੇ ਜ਼ੀਰਾ ਨੇ ਵੀਡੀਓ ਰਾਹੀਂ ਆਪਣਾ ਪੱਖ ਰੱਖਦਿਆਂ ਸਵਾਲ ਉਠਾਇਆ ਕਿ ਕਿਸੇ ਵੀ ਘਟਨਾ ਨੂੰ ਸਿਆਸੀ ਨਜ਼ਰੀਏ ਨਾਲ ਪੇਸ਼ ਕਰਨ ਦੀ ਬਜਾਏ ਉਸ ਦੀ ਪੂਰੀ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਜ਼ੀਰਾ ਨੇ ਕਿਹਾ ਕਿ ਉਹ ਕਿਸੇ ਵੀ ਸਮੇਂ ਆਪਣਾ ਡੋਪ ਟੈਸਟ ਕਰਵਾਉਣ ਲਈ ਤਿਆਰ ਹਨ। ਜੇਕਰ ਕੋਈ ਸਵਾਲ ਉਠਾਉਂਦਾ ਹੈ ਤਾਂ ਉਸ ਦਾ ਜਵਾਬ ਬਿਆਨਬਾਜ਼ੀ ਨਾਲ ਨਹੀਂ, ਸਗੋਂ ਨਿਰਪੱਖ ਜਾਂਚ ਅਤੇ ਤੱਥਾਂ ਦੇ ਆਧਾਰ ’ਤੇ ਮਿਲਣਾ ਚਾਹੀਦਾ ਹੈ। ਗੰਨਮੈਨ ਦੀ ਤਾਇਨਾਤੀ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਏਐੱਸਆਈ ਰੇਸ਼ਮ ਸਿੰਘ ਨੰਬਰ 791 ਤਾਇਨਾਤ ਸੀ, ਜੋ ਬਿਮਾਰ ਹੋਣ ਕਾਰਨ ਛੁੱਟੀ ’ਤੇ ਸੀ। ਉਸ ਦੀ ਥਾਂ ਅਮਰਜੀਤ ਸਿੰਘ ਨੂੰ ਆਰਜ਼ੀ ਤੌਰ ’ਤੇ ਸੁਰੱਖਿਆ ਡਿਊਟੀ ਸੌਂਪੀ ਗਈ ਸੀ। ਜ਼ੀਰਾ ਅਨੁਸਾਰ, ਨਵੇਂ ਮੁਲਾਜ਼ਮ ਦੇ ਆਉਣ ਤੋਂ ਬਾਅਦ ਡਿਊਟੀ ਸਬੰਧੀ ਮੁਸ਼ਕਲਾਂ ਸਾਹਮਣੇ ਆਈਆਂ ਅਤੇ ਉਨ੍ਹਾਂ ਨੇ ਇਸ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਐੱਸਐੱਸਪੀ ਦਫ਼ਤਰ ਵਿੱਚ ਤਾਇਨਾਤ ਓਐੱਸਆਈ ਇੰਦਰਜੀਤ ਸਿੰਘ ਨੂੰ ਵੀ ਫ਼ੋਨ ਰਾਹੀਂ ਸੂਚਿਤ ਕੀਤਾ ਗਿਆ ਸੀ। ਆਪਣੀ ਸੁਰੱਖਿਆ ਦਾ ਮੁੱਦਾ ਉਠਾਉਂਦਿਆਂ ਜ਼ੀਰਾ ਨੇ ਕਿਹਾ ਕਿ ਉਹ ਪਹਿਲਾਂ ਵੀ ਗੈਂਗਸਟਰਾਂ ਤੋਂ ਖ਼ਤਰੇ ਸਬੰਧੀ ਆਪਣਾ ਪੱਖ ਅਦਾਲਤ ਅਤੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਰੱਖ ਚੁੱਕੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਐੱਸਐੱਸਪੀ ਫਿਰੋਜ਼ਪੁਰ ਦੀ ਭੂਮਿਕਾ ’ਤੇ ਸਵਾਲ ਉਠਾਉਂਦਿਆਂ ਝੂਠੇ ਕੇਸ ਵਿੱਚ ਫਸਾਏ ਜਾਣ ਅਤੇ ਜਾਨੀ ਖ਼ਤਰੇ ਦਾ ਖ਼ਦਸ਼ਾ ਪ੍ਰਗਟਾਇਆ। ਜ਼ੀਰਾ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੱਧਰ ’ਤੇ ਮੁਲਾਜ਼ਮ ਬਦਲਣ ਦੀ ਥਾਂ ਸੁਰੱਖਿਆ ਵਿੰਗ ਦੇ ਤਜਰਬੇਕਾਰ ਅਤੇ ਭਰੋਸੇਯੋਗ ਮੁਲਾਜ਼ਮ ਤਾਇਨਾਤ ਕੀਤੇ ਜਾਣ। ਉਨ੍ਹਾਂ ਸਬੰਧਤ ਗੰਨਮੈਨ ਦੇ ਫ਼ੋਨ ਰਿਕਾਰਡ ਅਤੇ ਹੋਰ ਸਬੰਧਾਂ ਦੀ ਕਾਨੂੰਨ ਅਨੁਸਾਰ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਜੇਕਰ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਨਿਰਪੱਖ ਜਾਂਚ ਕਰਕੇ ਜਵਾਬਦੇਹੀ ਤੈਅ ਕੀਤੀ ਜਾਵੇ। ਨਾਲ ਹੀ ਉਨ੍ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਸ਼ਿਆਂ ਵਰਗੇ ਗੰਭੀਰ ਮੁੱਦੇ ’ਤੇ ਦੋਸ਼ ਲਾਉਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਲਾਜ਼ਮੀ ਹੈ। ਜ਼ਿਕਰਯੋਗ ਹੈ ਕਿ ਗੰਨਮੈਨ ਕੋਲੋਂ ਅਫ਼ੀਮ ਬਰਾਮਦ ਹੋਣ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਉਠਾਏ ਗਏ ਸਵਾਲਾਂ ਸਬੰਧੀ ਜ਼ੀਰਾ ਦੇ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਹੋਣੀ ਬਾਕੀ ਹੈ। ਇਸ ਮਾਮਲੇ ’ਤੇ ਪੁਲਿਸ ਅਤੇ ਸਰਕਾਰ ਦਾ ਪੱਖ ਸਾਹਮਣੇ ਆਉਣਾ ਵੀ ਅਹਿਮ ਹੋਵੇਗਾ।