ਪੰਜਾਬ ਕਾਂਗਰਸ ਦਾ ਵੱਡਾ ਫ਼ੈਸਲਾ, ਗੁਰਭੇਜ ਸਿੰਘ ਟਿੱਬੀ ਬਣੇ ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ
ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਵੱਲੋਂ ਨਵੀਂ ਟੀਮ ਦਾ ਐਲਾਨ ਕਰਦਿਆਂ ਫ਼ਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਦੇ ਜੰਮਪਲ ਗੁਰਭੇਜ ਸਿੰਘ ਟਿੱਬੀ ਨੂੰ ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਉਨ੍ਹਾਂ ਨੇ ਪਾਰਟੀ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸੰਗਠਨ ਦੀ ਮਜ਼ਬੂਤੀ ਅਤੇ ਓਬੀਸੀ ਸਮਾਜ ਦੇ ਹੱਕਾਂ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
Publish Date: Sat, 24 Oct 2026 01:05 PM (IST)
Updated Date: Sat, 24 Oct 2026 01:06 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫ਼ਿਰੋਜ਼ਪੁਰ : ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਵੱਲੋਂ ਨਵੀਂ ਟੀਮ ਦਾ ਐਲਾਨ ਕਰਦਿਆਂ ਫ਼ਿਰੋਜ਼ਪੁਰ ਦੇ ਪਿੰਡ ਟਿੱਬੀ ਕਲਾਂ ਦੇ ਜੰਮਪਲ ਗੁਰਭੇਜ ਸਿੰਘ ਟਿੱਬੀ ਨੂੰ ਪੰਜਾਬ ਪ੍ਰਦੇਸ਼ ਓਬੀਸੀ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਉਨ੍ਹਾਂ ਨੇ ਪਾਰਟੀ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਸੰਗਠਨ ਦੀ ਮਜ਼ਬੂਤੀ ਅਤੇ ਓਬੀਸੀ ਸਮਾਜ ਦੇ ਹੱਕਾਂ ਲਈ ਕੰਮ ਕਰਨ ਦਾ ਭਰੋਸਾ ਦਿੱਤਾ।
ਗੁਰਭੇਜ ਸਿੰਘ ਟਿੱਬੀ ਨੇ ਓਬੀਸੀ ਕਾਂਗਰਸ ਦੇ ਕੌਮੀ ਪ੍ਰਧਾਨ ਡਾ. ਅਨਿਲ ਜੈਹਿੰਦ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ, ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਸਚਿਨ ਪਾਇਲਟ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਧੰਨਵਾਦ ਕੀਤਾ।
ਟਿੱਬੀ ਨੇ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ। ਉਨ੍ਹਾਂ ਦੀਆਂ ਤਰਜੀਹਾਂ ਵਿੱਚ ਓਬੀਸੀ ਸਮਾਜ ਨੂੰ ਸੰਗਠਿਤ ਕਰਨਾ, ਸਮਾਜਿਕ, ਵਿਦਿਅਕ, ਆਰਥਿਕ ਅਤੇ ਸਿਆਸੀ ਹੱਕਾਂ ਦੀ ਰਾਖੀ ਕਰਨਾ ਅਤੇ ਨੌਜਵਾਨਾਂ ਨੂੰ ਸੰਗਠਨ ਨਾਲ ਜੋੜਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਮਾਜ ਦੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਮਸਲੇ ਉਠਾਏ ਜਾਣਗੇ।
ਵਿਦਿਆਰਥੀ ਸਿਆਸਤ ਤੋਂ ਕੌਮੀ ਜ਼ਿੰਮੇਵਾਰੀਆਂ ਤੱਕ ਦਾ ਸਫ਼ਰ ਗੁਰਭੇਜ ਸਿੰਘ ਟਿੱਬੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵਿਦਿਆਰਥੀ ਅਤੇ ਨੌਜਵਾਨ ਸਿਆਸਤ ਤੋਂ ਕੀਤੀ। ਉਹ ਗੁਰੂ ਨਾਨਕ ਕਾਲਜ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਤੇ ਬਲਾਕ ਮਮਦੋਟ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ। ਸਾਲ 2015 ਤੋਂ 2018 ਤੱਕ ਪੰਜਾਬ ਯੂਥ ਕਾਂਗਰਸ ਦੇ ਚੁਣੇ ਹੋਏ ਜਨਰਲ ਸਕੱਤਰ ਅਤੇ 2018 ਤੋਂ 2020 ਤੱਕ ਇੰਡੀਅਨ ਯੂਥ ਕਾਂਗਰਸ ਦੇ ਕੌਮੀ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ। ਇਸ ਦੌਰਾਨ ਉਨ੍ਹਾਂ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਇੰਚਾਰਜ ਵਜੋਂ ਵੀ ਕੰਮ ਕੀਤਾ।
ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਓਬੀਸੀ ਵਿਭਾਗ ਵਿੱਚ ਜੁਆਇੰਟ ਕੋਆਰਡੀਨੇਟਰ ਅਤੇ ਬਾਅਦ ਵਿੱਚ ਕੌਮੀ ਕੋਆਰਡੀਨੇਟਰ ਤੇ ਜੰਮੂ-ਕਸ਼ਮੀਰ ਦੇ ਇੰਚਾਰਜ ਦੀ ਜ਼ਿੰਮੇਵਾਰੀ ਵੀ ਸੰਭਾਲ ਚੁੱਕੇ ਹਨ। ਸਹਿਕਾਰੀ ਅਤੇ ਸਮਾਜਿਕ ਖੇਤਰ ਵਿੱਚ ਵੀ ਉਨ੍ਹਾਂ ਦੀ ਸਰਗਰਮੀ ਰਹੀ ਹੈ।
ਕਾਂਗਰਸੀ ਆਗੂਆਂ ਵੱਲੋਂ ਵਧਾਈਆਂ ਗੁਰਭੇਜ ਸਿੰਘ ਟਿੱਬੀ ਦੀ ਨਿਯੁਕਤੀ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਰਮਿੰਦਰ ਸਿੰਘ ਆਵਲਾ, ਪਰਮਿੰਦਰ ਸਿੰਘ ਪਿੰਕੀ, ਆਸ਼ੂ ਬਾਂਗਰ ਸਮੇਤ ਹੋਰ ਆਗੂਆਂ ਨੇ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਟਿੱਬੀ ਦੀ ਨਿਯੁਕਤੀ ਨਾਲ ਓਬੀਸੀ ਸਮਾਜ ਦੇ ਮੁੱਦਿਆਂ ਨੂੰ ਸੰਗਠਨਾਤਮਕ ਪੱਧਰ ’ਤੇ ਉਠਾਉਣ ਵਿੱਚ ਮਦਦ ਮਿਲੇਗੀ।