- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਲਾਈਨ ਵਿਖੇ ਮਨਾਇਆ ਪੁਲਿਸ ਯਾਦਗਰ ਦਿਵਸ

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ
ਫ਼ਿਰੋਜ਼ਪੁਰ : ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ’ਚ ਮਨਾਏ ਜਾਂਦੇ ‘ਪੁਲਿਸ ਯਾਦਗਰ ਦਿਵਸ’ ਮੋਕੇ ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਵੀ ਜਾਂਬਾਜ਼ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਬੁੱਧਵਾਰ ਸਵੇਰੇ ਸਥਾਨਕ ਪੁਲਿਸ ਲਾਈਨ ’ਚ ਕਰਵਾਏ ਗਏ ਇਕ ਸਮਾਗਮ ਵਿੱਚ ਪੁਲਿਸ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਪੁਲਿਸ ਜਵਾਨਾਂ ਦੇ ਸ਼ਹੀਦੀ ਸਮਾਰਕ 'ਤੇ ਫੁੱਲ੍ਹ ਮਾਲਾਵਾਂ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ, ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ, ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਅਤੇ ਸੀਜੀਐਮ ਅਨੂਪ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡੀ.ਐੱਸ.ਪੀ ਕਰਨ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਦੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ਹੀਦ ਪੁਲਿਸ ਜਵਾਨਾਂ ਨੂੰ ਸਲਾਮੀ ਦਿੱਤੀ ਗਈ। ਇਸ ਉਪਰੰਤ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ।
ਇਸ ਮੌਕੇ ਡੀਆਈਜੀ ਸਨੇਹਦੀਪ ਸ਼ਰਮਾ ਨੇ ਆਖਿਆ ਕਿ ਦੇਸ਼ ਤੇ ਸੂਬੇ ਦੀ ਅਮਨ ਸ਼ਾਂਤੀ ਲਈ ਸ਼ਹਾਦਤਾਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਵੀ ਸ਼ਹੀਦਾਂ ਨੂੰ ਨਮਨ ਕਰਦਿਆਂ ਆਖਿਆ ਕਿ ਸਾਨੂੰ ਸਾਡੇ ਸ਼ਹੀਦਾਂ 'ਤੇ ਹਮੇਸ਼ਾ ਮਾਣ ਰਹੇਗਾ।
ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਪੁਲਿਸ ਜਵਾਨਾਂ ਦੀਆਂ ਸ਼ਹੀਦੀਆਂ ਬਦੌਲਤ ਹੀ ਅੱਜ ਅਸੀਂ ਅਮਨ ਸ਼ਾਂਤੀ ਤੇ ਚੈਨ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਪੰਜਾਬ ਪੁਲਿਸ ਹਰ ਮੁਸ਼ਕਿਲ ਦੀ ਘੜੀ ਵਿਚ ਸ਼ਹੀਦ ਪਰਿਵਾਰਾਂ ਨਾਲ ਖੜੀ ਹੈ। ਸਟੇਜ ਸੰਚਾਲਨ ਦੀ ਭੂਮਿਕਾ ਲਖਵੀਰ ਸਿੰਘ ਵੱਲੋਂ ਨਿਭਾਈ ਗਈ। ਡੀਆਈਜੀ, ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਮੌਕੇ 'ਤੇ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਫ਼ਿਰੋਜ਼ਪੁਰ ਅਨੂਪ ਸਿੰਘ, ਐੱਸਪੀ ਮਨਜੀਤ ਸਿੰਘ, ਐੱਸਪੀ (ਐੱਚ) ਬਲਜੀਤ ਸਿੰਘ, ਡੀਐੱਸਪੀ ਸੁਖਵਿੰਦਰ ਸਿੰਘ, ਡੀਐੱਸਪੀ ਬਰਜਿੰਦਰ ਸਿੰਘ, ਡੀਐੱਸਪੀ ਜ਼ੀਰਾ ਜਸਪਾਲ ਸਿੰਘ ਸਮੇਤ ਸਿਵਲ/ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ, ਹੋਮ ਗਾਰਡਜ਼, ਸ਼ਹੀਦਾਂ ਦੇ ਪਰਿਵਾਰਕ ਮੈਂਬਰ ਆਦਿ ਹਾਜ਼ਰ ਸਨ।
1959 ’ਚ ਲੇਹ ਲਦਾਖ ਦੇ ‘ਹਾਟ ਸਪਰਿੰਗ’ ਵਿਖੇ ਸ਼ਹੀਦ ਹੋਏ ਸਨ ਸੀਆਰਪੀਐੱਫ ਦੇ 10 ਜਵਾਨ
ਜਿਕਰਯੋਗ ਹੈ ਕਿ 21 ਅਕਤੂਬਰ 1959 ਨੂੰ ਚੀਨੀਆਂ ਵਿਰੁੱਧ ਲੜਾਈ ਦੌਰਾਨ ਲੇਹ ਲੱਦਾਖ ਦੇ ‘ਹਾਟ ਸਪਰਿੰਗ’ ਇਲਾਕੇ ਵਿਚ ਤਾਇਨਾਤ ਕੀਤੇ ਗਏ ਸੀਆਰਪੀਐਫ ਜਵਾਨਾਂ ਦੀ ਇੱਕ ਟੁਕੜੀ ’ਤੇ ਚੀਨੀਆਂ ਵੱਲੋਂ ਅਚਾਨਕ ਹਮਲਾ ਕੀਤਾ ਗਿਆ। ਜਿਸ ਵਿਚ ਭਾਰਤੀ ਪੁਲਿਸ ਦੇ 10 ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ ਯਾਦ ਵਿਚ ਅਤੇ ਬਾਅਦ ਵਿੱਚ ਡਿਊਟੀ ਦੌਰਾਨ ਦੇਸ਼ ਭਰ ’ਚ ਹੋਰ ਮਾਰੇ ਗਏ ਪੁਲਿਸ ਜਵਾਨਾਂ ਦੀ ਯਾਦ ਤਾਜਾ ਰੱਖਣ ਲਈ ਸਾਲ 1960 ਵਿਚ ਸਮੂਹ ਸਟੇਟਾਂ ਦੇ ਆਈ.ਜੀ.ਪੀਜ਼ ਦੀ ਕਾਨਫ਼ਰੰਸ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਹਰ ਸਾਲ ਸਾਰੇ ਦੇਸ਼ ਵਿਚ ਜ਼ਿਲ੍ਹਾ ਹੈਡਕੁਆਰਟਰਾਂ ਅਤੇ ਹੋਰ ਪੁਲਿਸ ਯੂਨਿਟਾਂ ਵਿਚ 21 ਅਕਤੂਬਰ ਨੂੰ ਇਹ ਦਿਵਸ ਮਨਾਇਆ ਜਾਇਆ ਕਰੇਗਾ।