ਕੱਸੋਆਣਾ ਦੇ ਖਿਡਾਰੀਆਂ ਨੇ 10 ਤਗਮਿਆਂ ਨਾਲ ਚਮਕਾਇਆ ਫਿਰੋਜ਼ਪੁਰ ਦਾ ਨਾਂ ਪਿੰਡ ਕੱਸੋਆਣਾ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ, 10 ਤਗਮਿਆਂ ਨਾਲ ਚਮਕਾਇਆ ਫਿਰੋਜ਼ਪੁਰ
Publish Date: Sat, 07 Nov 2026 03:50 PM (IST)
Updated Date: Sat, 07 Nov 2026 03:53 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਕੱਸੋਆਣਾ ਦੀ ਮਿੱਟੀ ਵਿੱਚੋਂ ਉੱਭਰ ਰਹੀ ਖੇਡ ਪ੍ਰਤਿਭਾ ਅੱਜ ਪੰਜਾਬ ਹੀ ਨਹੀਂ, ਸਗੋਂ ਕੌਮੀ ਖੇਡ ਮੰਚ ’ਤੇ ਵੀ ਆਪਣੀ ਵੱਖਰੀ ਪਛਾਣ ਸਥਾਪਿਤ ਕਰ ਰਹੀ ਹੈ। ਇਸ ਦੀ ਗਵਾਹੀ ਐੱਸਐੱਸਐੱਮ ਸਕੂਲ ਕੱਸੋਆਣਾ ਦੇ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਭਰ ਰਹੀਆਂ ਹਨ, ਜਿਨ੍ਹਾਂ ਨੇ ਮੌਜੂਦਾ ਖੇਡ ਸੈਸ਼ਨ ਦੌਰਾਨ ਵੱਖ-ਵੱਖ ਉਮਰ ਵਰਗਾਂ ਵਿੱਚ 10 ਤਗਮੇ ਜਿੱਤ ਕੇ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਣ ਵਧਾਇਆ ਹੈ। ਸਕੂਲ ਦੇ ਖੇਡ ਮੈਦਾਨਾਂ ਵਿੱਚ ਚੱਲ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦਾ ਦੂਜਾ ਦਿਨ ਖਿਡਾਰੀਆਂ ਦੇ ਜੋਸ਼, ਜਜ਼ਬੇ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਨਾਮ ਰਿਹਾ। ਇਸ ਮੌਕੇ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਐੱਨਆਰਆਈ ਪਲਵਿੰਦਰ ਸਿੰਘ ਯੂਐੱਸਏ ਅਤੇ ਸਰਪੰਚ ਕੁਲਵੰਤ ਸਿੰਘ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪਲਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਜੱਦੀ ਪਿੰਡ ਕੱਸੋਆਣਾ ਦੀ ਧਰਤੀ ’ਤੇ ਬੇਸਬਾਲ ਅਤੇ ਸਾਫਟਬਾਲ ਵਰਗੀਆਂ ਅੰਤਰਰਾਸ਼ਟਰੀ ਪਛਾਣ ਵਾਲੀਆਂ ਖੇਡਾਂ ਦੇ ਸੂਬਾ ਪੱਧਰੀ ਮੁਕਾਬਲੇ ਹੁੰਦੇ ਦੇਖਣਾ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਵਿਸ਼ੇਸ਼ ਪ੍ਰਸਿੱਧੀ ਹਾਸਲ ਇਨ੍ਹਾਂ ਖੇਡਾਂ ਨੂੰ ਪਿੰਡ ਪੱਧਰ ’ਤੇ ਇੰਨਾ ਵੱਡਾ ਮੰਚ ਪ੍ਰਦਾਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਅਤੇ ਸਮੁੱਚੇ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਐੱਸਐੱਸਐੱਮ ਸਕੂਲ ਨੇ ਸਾਬਤ ਕੀਤਾ ਹੈ ਕਿ ਪ੍ਰਤਿਭਾ ਵੱਡੇ ਸ਼ਹਿਰਾਂ ਦੀ ਮੁਥਾਜ ਨਹੀਂ ਹੁੰਦੀ। ਸਹੀ ਸੇਧ, ਅਨੁਸ਼ਾਸਨ, ਮਿਹਨਤ ਅਤੇ ਸਮਰਪਿਤ ਕੋਚਿੰਗ ਨਾਲ ਪੇਂਡੂ ਖੇਤਰਾਂ ਦੇ ਖਿਡਾਰੀ ਵੀ ਕੌਮੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਹਨ। ਉਨ੍ਹਾਂ ਖੇਡਾਂ ਨੂੰ ਹੋਰ ਉੱਚਾਈਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਖੇਡੇ ਗਏ ਸੈਮੀਫਾਈਨਲ ਮੁਕਾਬਲਿਆਂ ਵਿੱਚ ਫਿਰੋਜ਼ਪੁਰ ਦੀ ਟੀਮ ਨੇ ਅੰਮ੍ਰਿਤਸਰ ਨੂੰ 5-4 ਨਾਲ ਅਤੇ ਲੁਧਿਆਣਾ ਨੇ ਫਾਜ਼ਿਲਕਾ ਨੂੰ 7-3 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ, ਪ੍ਰਿੰਸੀਪਲ ਰਵਿੰਦਰ ਸਿੰਘ, ਕੋਚ ਸੁੰਦਰ ਸਿੰਘ, ਡੀਪੀਈ ਹਰਸਿਮਰਨ ਸਿੰਘ, ਗੁਰਇੰਦਰ ਸਿੰਘ, ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।