ਖੇਡਾਂ ਵਤਨ ਪੰਜਾਬ ਦੀਆਂ ’ਚ ਚੰਦੜ ਪਿੰਡ ਦੇ ਖਿਡਾਰੀਆਂ ਨੇ ਗੱਡੇ ਝੰਡੇ ਖੇਡਾਂ ਵਤਨ ਪੰਜਾਬ ਦੀਆਂ ’ਚ ਚੰਦੜ ਪਿੰਡ ਦੇ ਖਿਡਾਰੀਆਂ ਨੇ ਗੱਡੇ ਝੰਡੇ, ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਸਨਮਾਨ
Publish Date: Wed, 07 Oct 2026 03:36 PM (IST)
Updated Date: Wed, 07 Oct 2026 03:38 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ ਮੁੱਦਕੀ : ਮੁੱਦਕੀ ਖੇਤਰ ਦੇ ਨੇੜਲੇ ਪਿੰਡ ਚੰਦੜ ਦੇ ਹੋਣਹਾਰ ਨੌਜਵਾਨਾਂ ਅਤੇ ਧੀਆਂ ਨੇ ਖੇਡ ਮੈਦਾਨ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਪੱਧਰ ’ਤੇ ਆਯੋਜਿਤ ਹੋਈਆਂ ਖੇਡ ਪ੍ਰਤੀਯੋਗਤਾਵਾਂ ਵਿਚ ਵੱਖ-ਵੱਖ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੇ ਸਨਮਾਨ ਵਿਚ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਇੱਕ ਖਾਸ ਸਨਮਾਨ ਸਮਾਗਮ ਕਰਵਾਇਆ ਗਿਆ। ਇਹ ਉਚੇਚਾ ਸਮਾਗਮ ਪਿੰਡ ਦੇ ਸਰਪੰਚ ਗੁਰਨਾਮ ਸਿੰਘ ਚੰਦੜ ਦੀ ਸੁਚੱਜੀ ਦੇਖ-ਰੇਖ ਹੇਠ ਸੰਪੰਨ ਹੋਇਆ। ਇਸ ਮੌਕੇ ਪਿੰਡ ਦੇ ਖਿਡਾਰੀਆਂ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਰਪੰਚ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਖੇਡਾਂ ਦੌਰਾਨ ਪਿੰਡ ਦੇ ਲੜਕੇ ਅਤੇ ਲੜਕੀਆਂ ਨੇ ਕਬੱਡੀ, ਵਾਲੀਬਾਲ ਸ਼ੂਟਿੰਗ, ਗੋਲਾ ਸੁੱਟਣ (ਸ਼ਾਟਪੁਟ) ਅਤੇ 800 ਮੀਟਰ ਦੌੜ ਵਰਗੇ ਅਹਿਮ ਮੁਕਾਬਲਿਆਂ ਵਿੱਚ ਮੱਲ੍ਹਾਂ ਮਾਰ ਕੇ ਚੋਟੀ ਦੇ ਸਥਾਨ ਹਾਸਲ ਕੀਤੇ ਹਨ। ਖਿਡਾਰੀਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਚਾਇਤ ਨੇ ਦੱਸਿਆ ਕਿ 800 ਮੀਟਰ ਦੌੜ ’ਚ ਪਿੰਡ ਦੇ ਉੱਦਮੀ ਨੌਜਵਾਨ ਸੁਰਜੀਤ ਸਿੰਘ ਅਤੇ ਵਰਿੰਦਰ ਸਿੰਘ ਨੇ ਅੱਗੜ-ਪਿੱਛੜ ਦੌੜ ਕੇ ਜਿੱਤ ਦਰਜ ਕੀਤੀ। ਵਾਲੀਬਾਲ ਸ਼ੂਟਿੰਗ ’ਚ ਗੁਰਕੀਰਤ ਸਿੰਘ, ਬਿਪਨ ਸਿੰਘ, ਜਸ਼ਨਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਇਸ਼ਮੀਤ ਸਿੰਘ ਅਤੇ ਪਰਮਿੰਦਰ ਸਿੰਘ ਤੇ ਆਧਾਰਿਤ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਤ ਆਪਣੇ ਨਾਂ ਕੀਤੀ। ਕਬੱਡੀ ਮੁਕਾਬਲੇ ’ਚ ਅੰਡਰ-14 ਵਰਗ ਵਿੱਚ ਪਿੰਡ ਦੀਆਂ ਧੀਆਂ ਦੀ ਕਬੱਡੀ ਟੀਮ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ-14 ਲੜਕਿਆਂ ਦੀ ਕਬੱਡੀ ਟੀਮ ਨੇ ਵੀ ਵਿਰੋਧੀ ਟੀਮਾਂ ਨੂੰ ਪਛਾੜਦਿਆਂ ਸ਼ਾਨਦਾਰ ਜਿੱਤ ਦਰਜ ਕੀਤੀ।ਖੇਡਾਂ ਵਿੱਚ ਪ੍ਰਾਪਤ ਕੀਤੀਆਂ ਇਨ੍ਹਾਂ ਵੱਡੀਆਂ ਜਿੱਤਾਂ ਦੀ ਖੁਸ਼ੀ ਵਿੱਚ ਪਿੰਡ ਦੇ ਸਨਮਾਨਿਤ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸਰਪੰਚ ਗੁਰਨਾਮ ਸਿੰਘ ਚੰਦੜ ਤੋਂ ਇਲਾਵਾ ਪ੍ਰੀਤਮ ਸਿੰਘ ਪੰਚ, ਕਰਨੈਲ ਸਿੰਘ ਪੰਚ, ਬਲਦੇਵ ਸਿੰਘ ਪ੍ਰਾਪਟੀ ਡੀਲਰ, ਡਾਕਟਰ ਬਲਵੀਰ ਸਿੰਘ, ਸੁਰਜੀਤ ਬਰਾੜ, ਵਰਿੰਦਰ ਸਿੰਘ, ਗੁਰਵਿੰਦਰ ਸਿੰਘ, ਅਤੇ ਕੋਚ ਬਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਮੋਹਤਬਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਰਪੰਚ ਗੁਰਨਾਮ ਸਿੰਘ ਨੇ ਆਖਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਤਾਂ ਜੋ ਸਾਡੀ ਜਵਾਨੀ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਰੋਸ਼ਨ ਭਵਿੱਖ ਦੀ ਸਿਰਜਣਾ ਕਰ ਸਕੇ। ਪੰਚਾਇਤ ਨੇ ਭਵਿੱਖ ਵਿੱਚ ਵੀ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।